Punjab

ਝੋਨੇ ਦੀ ਸਰਕਾਰੀ ਖਰੀਦ ਕਰਨ ਦਾ CM ਮਾਨ ਨੇ ਕੀਤਾ ਐਲਾਨ

ਹੜ੍ਹਾਂ ਤੇ ਭਾਰੀ ਮੀਂਹ ਕਾਰਨ ਵਾਢੀ ਦਾ ਕੰਮ ਹੋਇਆ ਲੇਟ

ਬਟਾਲਾ, 16 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 16 ਸਤੰਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ ਹੜ੍ਹਾਂ ਅਤੇ ਭਾਰੀ ਬਰਸਾਤ ਕਾਰਨ ਵਾਢੀ ਦਾ ਕੰਮ ਲੇਟ ਹੋਇਆ ਹੈ। ਹਾਲਾਂਕਿ ਮਾਝਾ ਜ਼ੋਨ ਬੈਲਟ ’ਚ ਅਗੇਤੀ ਬਾਸਮਤੀ 1509 ਦੀ ਫਸਲ ਮੰਡੀਆਂ ’ਚ ਆ ਰਹੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ’ਚ ਅਗੇਤੀ ਬਾਸਮਤੀ 1509 -1692 ਦੀ ਆਮਦ ਜ਼ੋਰਾਂ ’ਤੇ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਤਿੰਨ ਜ਼ੋਨਾਂ ’ਚ ਵੰਡ ਕੇ 5 ਜੂਨ ਤੋਂ ਲੁਆਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਝੋਨੇ ਦੀ ਲੁਆਈ ਦਾ ਕੰਮ ਅਗੇਤਾ ਹੋਣ ਕਾਰਨ ਇਸ ਵਾਰ ਸਰਕਾਰੀ ਖਰੀਦ ਦਾ ਕੰਮ ਵੀ 15 ਦਿਨ ਪਹਿਲਾਂ ਸ਼ੁਰੂ ਕੀਤਾ ਜਾ ਰਿਹਾ ਹੈ। ਹਰ ਸਾਲ ਸਰਕਾਰੀ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਹੁੰਦੀ ਰਹੀ ਹੈ ਪਰ ਇਸ ਵਾਰ ਲੁਆਈ ਅਗੇਤੀ ਹੋਣ ਕਾਰਨ 15 ਸਤੰਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਮੰਡੀਆਂ ਵੀ ਪੰਜਾਬ ਦੀਆਂ ਮੋਹਰਲੀਆਂ ਮੰਡੀਆਂ ’ਚ ਆਉਂਦੀਆਂ ਹਨ। ਇਸ ਵੇਲੇ ਅੰਮ੍ਰਿਤਸਰ, ਜੰਡਿਆਲਾ ਗੁਰੂ, ਤਰਨ ਤਾਰਨ ਅਤੇ ਬਟਾਲਾ ਦੀਆਂ ਮੰਡੀਆਂ ’ਚ ਬਾਸਮਤੀ ਦੀ ਅਗੇਤੀ ਕਿਸਮ 1509 ਅਤੇ 1692 ਦੀ ਆਮਦ ਜ਼ੋਰਾਂ ’ਤੇ ਹੈ। ਹਾਲਾਂਕਿ ਹੜ੍ਹਾਂ ਕਾਰਨ ਫਸਲ ਖਰਾਬ ਹੋਣ ਦੇ ਬਾਵਜੂਦ ਬਾਸਮਤੀ ਦਾ ਚੰਗਾ ਭਾਅ ਨਾ ਮਿਲਣ ਕਾਰਨ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨ ’ਤੇ ਗੱਲ ਸਾਹਮਣੇ ਆਈ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ, ਪਰ ਭਾਰੀ ਬਰਸਾਤ ਕਾਰਨ ਇਸ ਵਾਰ ਫਸਲ ਤਕਰੀਬਨ 15 ਦਿਨ ਲੇਟ ਪੱਕੇਗੀ ਅਤੇ ਮੰਡੀ ’ਚ ਫਸਲ ਆਉਣ ਤੋਂ ਬਾਅਦ ਹੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋਵੇਗਾ। ਉਧਰ ਪੰਜਾਬ ਦੇ ਸਰਹੱਦੀ ਖੇਤਰ ’ਚ ਹੜ੍ਹ ਦੀ ਮਾਰ ਪੈਣ ਕਾਰਨ ਝੋਨੇ ਅਤੇ ਬਾਸਮਤੀ ਦੀ ਫਸਲ ਖਰਾਬ ਹੋ ਚੁੱਕੀ ਹੈ। ਭਾਵੇਂ ਸਰਕਾਰ ਵੱਲੋਂ ਖਰੀਦ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਰਹੱਦੀ ਖੇਤਰ ਦੀਆਂ ਮੰਡੀਆਂ ’ਚ ਅਜੇ ਸੁੰਨਸਾਨ ਛਾਈ ਪਈ ਹੈ। ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਭਾਵੇਂ ਗੁਰਦਾਸਪੁਰ ’ਚ ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ ਹੋ ਗਈ ਸੀ ਪਰ ਹੜ੍ਹਾਂ ਦੀ ਮਾਰ ਅਤੇ ਭਾਰੀ ਬਰਸਾਤ ਕਾਰਨ ਜ਼ਿਲ੍ਹਾ ਗੁਰਦਾਸਪੁਰ ’ਚ ਝੋਨੇ ਦੀ ਫਸਲ ਪੱਕ ਕੇ ਤਿਆਰ ਨਹੀਂ ਹੋਈ ਹੈ। ਪੰਜਾਬ ’ਚ 25 ਲੱਖ ਹੈਕਟੇਅਰ ’ਚ ਝੋਨੇ ਦੀ ਲੁਆਈ ਹੋਈ ਹੈ, ਜਦਕਿ 7 ਲੱਖ ਹੈਕਟੇਅਰ ਦੇ ਕਰੀਬ ਬਾਸਮਤੀ ਦੀ ਕਾਸ਼ਤ ਹੋਈ ਹੈ। ਜ਼ਿਲ੍ਹਾ ਗੁਰਦਾਸਪੁਰ ’ਚ 1 ਲੱਖ 70 ਹਜ਼ਾਰ ਹੈਕਟੇਅਰ ਝੋਨੇ ਅਧੀਨ ਰਕਬਾ ਹੈ ਅਤੇ 320 ਹਜ਼ਾਰ ਹੈਕਟੇਅਰ ਬਾਸਮਤੀ ਦੀ ਕਾਸ਼ਤ ਹੋਈ ਸੀ, ਪਰ ਹੜ੍ਹ ਦੀ ਮਾਰ ਕਾਰਨ ਕਰੀਬ 45 ਹਜ਼ਾਰ ਹੈਕਟੇਅਰ ਫਸਲ ਖਰਾਬ ਹੋ ਚੁੱਕੀ ਹੈ, ਜਿਸ ਵਿੱਚ ਤਕਰੀਬਨ 32 ਹਜ਼ਾਰ ਹੈਕਟੇਅਰ ਝੋਨੇ ਤੇ ਬਾਸਮਤੀ ਦੀ ਫਸਲ ਹੈ।

ਝੋਨੇ ਦੀ ਸਰਕਾਰੀ ਖਰੀਦ ਲਈ ਪ੍ਰਬੰਧ ਮੁਕੰਮਲ ਪਰ ਫਸਲ ਦੀ ਆਮਦ ਮੁਸ਼ਕਲ : ਏਐੱਫਐੱਸਓਜ਼ਿਲ੍ਹਾ ਗੁਰਦਾਸਪੁਰ ’ਚ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਜਦ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਨਾਲ ਗੱਲ ਕਰਨ ਚਾਹੀ ਤਾਂ ਮੀਟਿੰਗ ’ਚ ਹੋਣ ਕਾਰਨ ਉਹਨਾਂ ਨਾਲ ਗੱਲ ਨਾ ਹੋ ਸਕੀ। ਏਐੱਫਐੱਸਓ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਸਰਕਾਰੀ ਪਰਮਲ ਦੀ ਖਰੀਦ ਲਈ ਪ੍ਰਬੰਧ ਪੂਰੇ ਕਰ ਲਏ ਗਏ ਹਨ। ਖਰੀਦ ਲਈ ਬਾਰਦਾਨਾ ਵੀ ਮੰਡੀਆਂ ’ਚ ਆ ਚੁੱਕਾ ਹੈ ਅਤੇ ਸਰਕਾਰੀ ਏਜੰਸੀਆਂ ਦੀ ਅਲਾਟਮੈਂਟ ਵੀ ਹੋ ਚੁੱਕੀ ਹੈ। ਏਐੱਫਐੱਸਓ ਰਜੇਸ਼ ਕੁਮਾਰ ਨੇ ਦੱਸਿਆ ਕਿ ਭਾਰੀ ਬਰਸਾਤ ਅਤੇ ਹੜ੍ਹ ਦੀ ਮਾਰ ਕਾਰਨ ਖਰੀਦ ਦਾ ਕੰਮ ਤਕਰੀਬਨ 15 ਦਿਨ ਲੇਟ ਹੋ ਸਕਦਾ ਹੈ। ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਸਟਾਫ ਦੀ ਵੀ ਡਿਊਟੀ ਮੰਡੀਆਂ ’ਚ ਲੱਗ ਚੁੱਕੀ ਹੈ।

ਮੰਡੀਆਂ ’ਚ ਅਜੇ ਨਹੀਂ ਹੋਈ ਹੈ ਸਰਕਾਰੀ ਖਰੀਦ ਏਜੰਸੀਆਂ ਦੀ ਅਲਾਟਮੈਂਟ

ਸਰਕਾਰ ਵੱਲੋਂ ਪਰਮਲ ਦੀ ਖਰੀਦ ਦੇ ਲਈ ਭਾਵੇਂ ਆਪਣੇ ਤੌਰ ’ਤੇ ਖਰੀਦ ਪ੍ਰਬੰਧ ਕਰ ਲਏ ਗਏ ਹਨ ਪਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ’ਚ ਸਰਕਾਰੀ ਏਜੰਸੀਆਂ ਦੀ ਅਲਾਟਮੈਂਟ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਸਿਰਫ ਬਟਾਲਾ ਮੰਡੀ ’ਚ ਹੀ ਸਰਕਾਰੀ ਖਰੀਦ ਏਜੰਸੀਆਂ ਦੀ ਅਲਾਟਮੈਂਟ ਹੋਈ ਹੈ, ਜਦਕਿ ਫੋਕਲ ਪੁਆਇੰਟਾਂ ਅਤੇ ਹੋਰ ਖਰੀਦ ਕੇਂਦਰਾਂ ’ਚ ਅਜੇ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸਰਕਾਰੀ ਖਰੀਦ ਏਜੰਸੀਆਂ ਦੀ ਅਲਾਟਮੈਂਟ ਨਹੀਂ ਹੋ ਸਕੀ।

Related Articles

Leave a Reply

Your email address will not be published. Required fields are marked *

Back to top button