Punjab

ਹੜ੍ਹਾਂ ਦੀ ਸਥਿਤੀ ’ਚ ਸੁਧਾਰ, ਰਾਹਤ ਕੈਂਪਾਂ ਦੀ ਗਿਣਤੀ ਘਟਾ ਕੇ 66 ਕੀਤੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 16 ਸਤੰਬਰ : ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਾਂ ਸਬੰਧੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਹੜ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਣ ਨਾਲ ਜੀਵਨ ਮੁੜ ਲੀਹ ‘ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਿਰੜੀ ਭਾਵਨਾ ਤੇ ਸਰਕਾਰ ਵੱਲੋਂ ਸਮੇਂ ਸਿਰ ਢੁਕਵੇਂ ਯਤਨਾਂ ਦੇ ਨਾਲ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਹਾਲਾਤ ਮੁੜ ਆਮ ਵਾਂਗ ਹੋ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਭਾਵਤ ਪਿੰਡਾਂ ਦੀ ਗਿਣਤੀ ਦਾ ਅੰਕੜਾ ਬਿਨਾਂ ਕਿਸੇ ਬਦਲਾਅ ਦੇ 2,472 ਹੈ ਜਦੋਂ ਕਿ ਪੀੜਤ ਅਬਾਦੀ ਦਾ ਅੰਕੜਾ 3,89,176 ਰਿਹਾ। ਉਨ੍ਹਾਂ ਕਿਹਾ ਕਿ ਹਾਲਾਂਕਿ ਰਾਹਤ ਦੇ ਪੱਖ ਤੋਂ ਅਹਿਮ ਤਬਦੀਲੀ ਹੋਈ ਹੈ, ਜਿਸ ਵਿਚ ਰਾਹਤ ਕੈਂਪਾਂ ਦੀ ਗਿਣਤੀ 24 ਘੰਟਿਆਂ ਵਿਚ 82 ਤੋਂ ਘਟਾ ਕੇ 66 ਕਰ ਦਿੱਤੀ ਗਈ ਹੈ, ਜਿਸ ਤੋਂ ਇਸ਼ਾਰਾ ਮਿਲਦਾ ਹੈ ਕਿ ਲੋਕ ਲਗਾਤਾਰ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਰਾਹਤ ਕੈਂਪਾਂ ਵਿਚ ਠਹਿਰੇ ਹੋਏ ਲੋਕਾਂ ਦੀ ਗਿਣਤੀ 3,699 ਤੋਂ ਘੱਟ ਕੇ 3,449 ਹੋ ਗਈ। ਕੈਬਨਿਟ ਮੰਤਰੀ ਨੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਰਾਹਤ, ਸਾਫ਼-ਸਫ਼ਾਈ ਤੇ ਮੁੜ ਵਸੇਬੇ ਦੇ ਯਤਨ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ। ਮਾਲ ਮੰਤਰੀ ਨੇ ਦੱਸਿਆ ਕਿ ਜ਼ਮੀਨੀ ਸਥਿਤੀ ਵਿਚ ਸੁਧਾਰ ਦੇ ਮੱਦੇਨਜ਼ਰ ਐੱਨਡੀਆਰਐੱਫ, ਐੱਸਡੀਆਰਐੱਫ ਤੇ ਫੌਜ ਦੀਆਂ ਟੀਮਾਂ ਦੀ ਤਾਇਨਾਤੀ ਨੂੰ ਤਰਕਸੰਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 14 ਸਤੰਬਰ ਤੱਕ ਐੱਨਡੀਆਰਐੱਫ ਦੀਆਂ ਦੋ ਟੀਮਾਂ ਫਾਜ਼ਿਲਕਾ ਵਿਚ ਅਤੇ ਇਕ ਫਿਰੋਜ਼ਪੁਰ ਵਿਚ ਤਾਇਨਾਤ ਸੀ ਤੇ 15 ਸਤੰਬਰ ਤੱਕ ਫਿਰੋਜ਼ਪੁਰ ਵਿਚ ਇਕ ਟੀਮ ਰਾਹਤ ਕਾਰਜ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਕੰਮ ਵਿਚ ਲੱਗੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button