ਝੁੱਗੀਆਂ ’ਚ ਵੜਿਆ ਬੇਕਾਬੂ ਟਰੱਕ; ਇਕ ਹਲਾਕ, ਦੂਜਾ ਜ਼ਖ਼ਮੀ
ਝੁੱਗੀਆਂ ’ਚ ਵੜਿਆ ਬੇਕਾਬੂ ਟਰੱਕ; ਇਕ ਹਲਾਕ, ਦੂਜਾ ਜ਼ਖ਼ਮੀ

ਕਪੂਰਥਲਾ, 23 ਫਰਵਰੀ- ਸਥਾਨਕ ਸੁਲਤਾਨਪੁਰ ਲੋਧੀ ਰੋਡ ’ਤੇ ਸ਼ਨਿਚਰਵਾਰ ਸਵੇਰੇ ਲਗਪਗ ਸਾਢੇ ਅੱਠ ਵਜੇ ਇਕ ਪਾਰਸਲ ਡਲਿਵਰੀ ਟਰੱਕ ਬੇਕਾਬੂ ਹੋ ਕੇ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ’ਤੇ ਪੈਂਦੀ ਰੇਲ ਕੋਚ ਫੈਕਟਰੀ ਨੇੜੇ ਸੜਕ ਕੰਢੇ ਬਣੀਆਂ ਝੁੱਗੀਆਂ ’ਚ ਜਾ ਵੜਿਆ, ਜਿਸ ਨਾਲ ਬਿਹਾਰ ਵਾਸੀ ਇਕ ਪਰਵਾਸੀ ਨੌਜਵਾਨ ਦੀ ਮੌਤ ਤੇ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪੀੜਤ ਪਰਵਾਸੀ ਪਰਿਵਾਰ ਨੇ ਆਪਣੇ ਹੋਰ ਪਰਿਵਾਰਾਂ ਨਾਲ ਮਿਲ ਕੇ ਬੇਬੇ ਨਾਨਕੀ ਮਾਰਗ ’ਤੇ ਰੋਡ ਜਾਮ ਕਰ ਕੇ ਧਰਨਾ ਲਗਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪੁੱਜੇ ਸਦਰ ਐੱਸਐੱਚਓ ਗੌਰਵ ਧੀਰ ਤੇ ਭੁਲਾਣਾ ਚੌਕੀ ਇੰਚਾਰਜ ਦਵਿੰਦਰ ਪਾਲ ਨੇ ਪੀੜਤ ਪਰਿਵਾਰਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ਼ ਦਿਵਾਉਂਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ। ਮ੍ਰਿਤਕ ਦੀ ਪਛਾਣ 25 ਸਾਲਾ ਨੌਜਵਾਨ ਧਨ ਸਾਗਰ ਪੁੱਤਰ ਤੁੱਖੋ ਮਹਾਤੋ ਵਾਸੀ ਬੇਲਤੂ ਥਾਣਾ ਸ਼ਾਹਕੁੰਡ ਜ਼ਿਲ੍ਹਾ ਭਾਗਲਪੁਰ, ਬਿਹਾਰ ਵਜੋਂ ਹੋਈ, ਜਦਕਿ ਇਸੇ ਪਿੰਡ ਦਾ ਰਹਿਣ ਵਾਲਾ 13 ਸਾਲ ਦਾ ਆਸਤਿਕ ਕੁਮਾਰ ਪੁੱਤਰ ਗੌਤਮ ਕੁਮਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰੈਫਰ ਕਰ ਦਿੱਤਾ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰੱਖਵਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਭੁਲਾਣਾ ਦੇ ਇੰਚਾਰਜ ਏਐੱਸਆਈ ਦਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਰਸੀਐੱਫ ਨਜ਼ਦੀਕ ਸੁਲਤਾਨਪੁਰ ਲੋਧੀ ਰੋਡ ’ਤੇ ਕਰੀਬ ਸਾਢੇ 8 ਵਜੇ ਇਕ ਪਾਰਸਲ ਡਲਿਵਰੀ ਟਰੱਕ (ਪੀਬੀ08-ਏਡੀ-8599) ਬੇਕਾਬੂ ਹੋਣ ਕਾਰਨ ਝੁੱਗੀਆਂ ’ਚ ਜਾ ਵੜਿਆ ਹੈ। ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਜਾ ਕੇ ਮੌਕਾ ਮੁਆਇਨਾ ਕੀਤਾ ਗਿਆ ਤਾਂ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ ਅਤੇ 1 ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ 1 ਬੱਚਾ ਗੰਭੀਰ ਜ਼ਖ਼ਮੀ ਸੀ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਨੂੰ ਕਾਬੂ ਕਰਨ ਵਾਸਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।



