
ਪਟਿਆਲਾ, 23 ਜੁਲਾਈ : ਥਾਣਾ ਪਸਿਆਣਾ ਅਧੀਨ ਆਉਂਦੇ ਪਿੰਡ ਜਾਹਲਾ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਪੁਲਿਸ ਕਈ ਦਰਜਨ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਬਜ਼ਾ ਕਾਰਵਾਈ ਕੀਤੀ ਗਈ ਜਿਸ ਦੌਰਾਨ ਪੁਲਿਸ ਨੂੰ ਕਿਸਾਨਾਂ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਤੇ ਸਖਤਾਈ ਵੀ ਵਰਤਣੀ ਪਈ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਦੂਰ ਦੂਰਾਡੇ ਲੈ ਜਾਇਆ ਗਿਆ । ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਉਤਰੀ ਬਾਈਪਾਸ ਲਈ ਜਾਹਲਾ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਸੀ ਜਿਸ ਵਿਚੋਂ 18 ਏਕੜ ਜ਼ਮੀਨ ਦਾ ਰੌਲਾ ਸੀ। ਕਿਸਾਨਾਂ ਦਾ ਤਰਕ ਹੈ ਕਿ ਇਸ ਜ਼ਮੀਨ ਵਿੱਚ ਉਹ ਪਿਛਲੇ ਕਈ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ ਤੇ ਇਸਦਾ ਮੁਆਵਜ਼ਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਜਦੋ ਕਿ ਪ੍ਰਸ਼ਾਸਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਸਰਕਾਰੀ ਹੈ। ਜਿਸਦੇ ਪੈਸੇ ਕੋਰਟ ਰਾਹੀ ਜਮ੍ਹਾ ਕਰਵਾਏ ਜਾਣਗੇ। ਇਸ ਮਸਲੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਇਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਧਰਨਾ ਵੀ ਦਿੱਤਾ ਜਾ ਰਿਹਾ ਸੀ ਪਰ ਬੁੱਧਵਾਰ ਨੂੰ ਤੜਕ ਸਵੇਰੇ ਪ੍ਰਸ਼ਾਸਨ ਨੇ ਪੁਲਿਸ ਫੋਰਸ ਦੀ ਮਦਦ ਨਾਲ ਕਬਜ਼ਾਕਾਰੀ ਆਰੰਭੀ ਗਈ।ਇਸ ਸਬੰਧੀ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਬਾਰਨ ਜ਼ਿਲ੍ਾ ਜਨਰਲ ਸਕੱਤਰ ਪਟਿਆਲਾ ਨੇ ਆਖਿਆ ਕਿ ਪਿੰਡ ਜਾਹਲਾਂ ਦੇ ਵਿੱਚ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੇ ਤਸ਼ੱਦਦ ਕੀਤਾ ਹੈ ਬਾਈਪਾਸ ਬਣਾਉਣ ਨੂੰ ਲੈ ਕੇ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ। 18 ਏਕੜ ਜ਼ਮੀਨ ਬਾਈਪਾਸ ਦੇ ਵਾਸਤੇ ਮੰਗੀ ਜਾ ਰਹੀ ਹੈ ਤੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਕਿਹਾ ਕਿ ਸਰਕਾਰ ਨੇ ਕੋਰਟ ਦੇ ਵਿੱਚ ਕਿਹਾ ਕਿ ਡੇਰਾਵਾਦ ਅਸੀਂ 1952 ਦੇ ਵਿੱਚ ਖਤਮ ਕਰ ਦਿੱਤਾ ਸੀ। ਪਹਿਲਾਂ ਵੀ ਅਕਸਰ ਡੇਰੇ ਦੇ ਮਹੰਤ ਆਤਮਾ ਰਾਮ ਅਤੇ ਕਿਸਾਨਾਂ ਦੇ ਵਿੱਚ ਇਸ ਜ਼ਮੀਨ ਨੂੰ ਲੈ ਕੇ ਝਗੜਾ ਚਲਦਾ ਰਹਿੰਦਾ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਬਿਨਾਂ ਕਿਸੇ ਨੋਟੀਫਿਕੇਸ਼ਨ ਦਿੱਤੇ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ 100 ਦੇ ਕਰੀਬ ਕਿਸਾਨ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਤੇ ਚਾਰ ਬੱਸਾਂ ਭਰ ਕੇ ਕਿਸਾਨਾਂ ਨੂੰ ਲੈ ਗਏ ਹਨ। ਕਿਸਾਨ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੁਝ ਕਿਸਾਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਜਿਨਾਂ ਦੀਆਂ ਵੀਡੀਓ ਵੀ ਆ ਰਹੀਆਂ ਹਨ।



