Punjab

ਚਿੰਤਪੁਰਨੀ ਨੇੜੇ ਦੇਸ਼ ਧ੍ਰੋਹ ਦੇ ਸ਼ੱਕ ’ਚ ਨੌਜਵਾਨ ਗ੍ਰਿਫਤਾਰ, ਮੋਬਾਈਲ ‘ਚੋਂ ਮਿਲੀ ਸੰਵੇਦਨਸ਼ੀਲ ਜਾਣਕਾਰੀ

ਨੰਗਲ, 30 ਮਈ- ਹਿਮਾਚਲ ਪ੍ਰਦੇਸ਼ ਦੇ ਊਨਾ ਨਾਲ ਲੱਗਦੇ ਕਾਂਗੜਾ ਜ਼ਿਲ੍ਹੇ ਦੇ ਦੇਹਰਾ ਖੇਤਰ ’ਚ ਪੁਲਿਸ ਨੇ 20 ਸਾਲਾ ਨੌਜਵਾਨ ਨੂੰ ਦੇਸ਼ ਧ੍ਰੋਹ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਖ਼ਿਲਾਫ ਭਾਰਤੀ ਦੰਡ ਸੰਹਿਤਾ ਦੀ ਧਾਰਾ 152 ਤਹਿਤ ਮਾਮਲਾ ਦਰਜ ਕੀਤਾ ਹੈ। ਦੇਹਰਾ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ, ਜਿਸ ’ਚ ਅਭਿਸ਼ੇਕ ਦੀਆਂ ਸ਼ੱਕੀ ਗਤਿਵਿਧੀਆਂ ਬਾਰੇ ਜਾਣਕਾਰੀ ਮਿਲੀ। ਇਸੇ ਅਧਾਰ ’ਤੇ ਪੁਲਿਸ ਨੇ ਉਸ ’ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਅਤੇ ਆਖੀਰਕਾਰ ਬੁੱਧਵਾਰ ਸਵੇਰੇ ਚਿੰਤਪੁਰਨੀ ਦੇ ਨੇੜੇ ਤੋਂ ਉਸ ਨੂੰ ਹਿਰਾਸਤ ’ਚ ਲਿਆ ਗਿਆ। ਪੁੱਛਗਿੱਛ ਦੌਰਾਨ ਉਸਦੇ ਮੋਬਾਈਲ ’ਚੋਂ ਕਈ ਸੰਵੇਦਨਸ਼ੀਲ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਐੱਸਪੀ ਮਯੰਕ ਚੌਧਰੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਨੌਜਵਾਨ ਦੀਆਂ ਗਤਿਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਮੋਬਾਈਲ ਤੋਂ ਡਿਲੀਟ ਕੀਤੀ ਸਮੱਗਰੀ ਨੂੰ ਰਿਕਵਰ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ’ਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਕੁਝ ਸੰਵੇਦਨਸ਼ੀਲ ਫੌਜੀ ਜਾਣਕਾਰੀ ਅਤੇ ਰਣਨੀਤਕ ਥਾਵਾਂ ਦੀ ਜਾਣਕਾਰੀ ਕਿਸੇ ਗੁਪਤ ਏਜੰਸੀ ਨਾਲ ਸਾਂਝੀ ਕੀਤੀ ਹੋ ਸਕਦੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਜਾਣਕਾਰੀ ‘ਓਪਰੇਸ਼ਨ ਸਿੰਧੂਰ” ਦੌਰਾਨ ਇਕੱਠੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪਹਿਲਾਂ ਤੋਂ ਹੀ ਸਾਵਧਾਨ ਸਨ। ਪੁਲਿਸ ਹੁਣ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਅਭਿਸ਼ੇਕ ਦਾ ਕਿਸੇ ਸ਼ੱਕੀ ਸੰਸਥਾ ਜਾਂ ਵਿਦੇਸ਼ੀ ਏਜੰਸੀ ਨਾਲ ਕੋਈ ਸੰਪਰਕ ਤਾਂ ਨਹੀਂ। ਡੀਐੱਸਪੀ ਸੰਜੀਵ ਕੁਮਾਰ ਯਾਦਵ ਨੇ ਕਿਹਾ ਕਿ ਜਾਂਚ ਅਜੇ ਪ੍ਰਾਰੰਭਿਕ ਦੌਰ ’ਚ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਸਚਾਈ ਜਲਦੀ ਸਾਹਮਣੇ ਆ ਸਕੇ।

Related Articles

Leave a Reply

Your email address will not be published. Required fields are marked *

Back to top button