Punjab

ਚਾਰ ਸਕੂਲੀ ਵਿਦਿਆਰਥੀਆਂ ਸਮੇਤ ਛੇ ਨੌਜਵਾਨ ਲਾਪਤਾ

ਪਰਿਵਾਰਾਂ 'ਚ ਚਿੰਤਾ ਤੇ ਡਰ ਦਾ ਮਾਹੌਲ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ

ਫ਼ਿਰੋਜ਼ਪੁਰ, 24 ਮਈ-ਸ਼ੁੱਕਰਵਾਰ ਦੇਰ ਸ਼ਾਮ ਤੋਂ ਲਾਪਤਾ ਦੱਸੇ ਜਾਂਦੇ ਸਥਾਨਕ ਨਿੱਜੀ ਸਕੂਲ ਦੇ ਚਾਰ ਵਿਦਿਆਰਥੀਆਂ ਸਮੇਤ ਕੁੱਲ ਛੇ ਨੌਜਵਾਨਾਂ ਸਬੰਧੀ ਸ਼ਨਿਚਰਵਾਰ ਦੁਪਹਿਰ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਇਸ ਨਾਲ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਵਿੱਚ ‘ਚ ਚਿੰਤਾ ਅਤੇ ਡਰ ਦਾ ਮਾਹੌਲ ਹੈ। ਇਸ ਸਬੰਧੀ ਉੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਨੌਜਵਾਨਾਂ ਨੂੰ ਤਲਾਸ਼ ਕਰ ਲਿਆ ਜਾਵੇਗਾ। ਇਥੇ ਜ਼ਿਕਰ ਯੋਗ ਹੈ ਕੀ ਸ਼ੁਕਰਵਾਰ ਦੇਰ ਸ਼ਾਮ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਲਾਪਤਾ ਵਿਦਿਆਰਥੀਆਂ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ (ਵਾਸੀ ਬੇਦੀ ਕਲੋਨੀ), ਗੁਰਦਿੱਤ ਸਿੰਘ ਪੁੱਤਰ ਕਸ਼ਮੀਰ ਸਿੰਘ (ਵਾਸੀ ਗੋਬਿੰਦ ਇਨਕਲੇਵ, ਮਖੂ ਗੇਟ), ਲਵ (ਵਾਸੀ ਪਿੰਡ ਅਲੀਕੇ) ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ (ਵਾਸੀ ਪਿੰਡ ਇੱਛੇ ਵਾਲਾ) ਵਜੋਂ ਹੋਈ ਹੈ । ਇਨ੍ਹਾਂ ਦੇ ਨਾਲ ਇਨਵਰਟਰ ਮੁਰੰਮਤ ਕੰਮ ਕਰਣ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ (ਵਾਸੀ ਆਰਐਸਡੀ ਕਾਲਜ ਦੇ ਪਿੱਛੇ) ਅਤੇ ਕ੍ਰਿਸ਼ ਪੁੱਤਰ ਵਿਜੇ ਕੁਮਾਰ (ਵਾਸੀ ਬਸਤੀ ਆਵਾ) ਵੀ ਲਾਪਤਾ ਹਨ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਹ ਸਾਰੇ ਨੌਜਵਾਨ ਸ਼ੁੱਕਰਵਾਰ ਸ਼ਾਮ ਕਰੀਬ ਪੰਜ ਵਜੇ ਤੋਂ ਲਾਪਤਾ ਹਨ। ਸਭ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਲਵ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਡੋਮੀਨੋਜ਼ ਪੀਜ਼ਾ ਵਿਖੇ ਡਿਲੀਵਰੀ ਬੋਏ ਵਜੋਂ ਕੰਮ ਕਰਦਾ ਸੀ ਅਤੇ ਆਮ ਤੌਰ ’ਤੇ ਸ਼ਾਮ ਨੂੰ ਘਰ ਪਰਤ ਆਉਂਦਾ ਸੀ। ਇਸੇ ਦੌਰਾਨ ਹੋਰ ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਥਾਣੇ ਪੁੱਜ ਗਏ ਸਨ, ਜੋ ਕਾਫੀ ਚਿੰਤਤ ਤੇ ਪਰੇਸ਼ਾਨ ਨਜ਼ਰ ਆਏ।

Related Articles

Leave a Reply

Your email address will not be published. Required fields are marked *

Back to top button