Punjab

ਘਾਲਾਮਾਲਾ : ਸਕੂਲ ਦੇ ਗੇਟ ‘ਤੇ ਕਾਰਟੂਨਾਂ ਨੂੰ ਬਣਾ ‘ਤਾ ਮਨਰੇਗਾ ਮਜ਼ਦੂਰ, MP ਰੰਧਾਵਾ ਨੇ ਡੀਸੀ ਨੂੰ ਦਿੱਤੇ ਜਾਂਚ ਦੇ ਨਿਰਦੇਸ਼

ਗੁਰਦਾਸਪੁਰ, 27 ਮਈ- ਇਕ ਸਰਕਾਰੀ ਸਕੂਲ ਦੇ ਗੇਟ ’ਤੇ ਸਿੱਖਿਆ ਸੁਧਾਰਾਂ ਨਾਲ ਸੰਬੰਧਿਤ ਪੇਂਟ ਕੀਤੀਆਂ ਗਈਆਂ ਕਾਰਟੂਨ ਤਸਵੀਰਾਂ ਨੂੰ ਦਿਹਾੜੀਦਾਰ ਦਰਸਾ ਕੇ ਪੰਚਾਇਤ ਵੱਲੋਂ ਮਨਰੇਗਾ ਤਹਿਤ ਨਜਾਇਜ਼ ਭੁਗਤਾਣ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਖੁਲਾਸਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਦਿਸ਼ਾ ਕਮੇਟੀ ਦੀ ਮੀਟਿੰਗ ’ਚ ਹੋਇਆ। ਇਸ ਮੀਟਿੰਗ ਦੌਰਾਨ ਦੀਨਾਨਗਰ ਹਲਕਾ ਦੀ ਕਾਂਗਰਸ ਵਿਧਾਇਕਾ ਅਰੁਣਾ ਚੌਧਰੀ ਦੇ ਪਤੀ ਅਸ਼ੋਕ ਚੌਧਰੀ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਪਿੰਡ ਗਾਜ਼ੀਕੋਟ ਦੇ ਸਰਕਾਰੀ ਮਿਡਲ ਸਕੂਲ ਵਿਖੇ ਗਰਾਉਂਡ ਦਾ ਲੈਵਲ ਪੱਧਰਾ ਕਰਨ ਤੇ ਮਿੱਟੀ ਪਾਉਣ ਦਾ ਕੰਮ ਮਨਰੇਗਾ ਸਕੀਮ ਤਹਿਤ ਕਰਵਾਇਆ ਗਿਆ। ਇਹ ਕੰਮ ਇਸ ਸਾਲ 29 ਜਨਵਰੀ ਤੋਂ 12 ਫਰਵਰੀ ਦਰਮਿਆਨ ਹੋਇਆ। ਜ਼ਿਕਰਯੋਗ ਹੈ ਕਿ ਸਕੂਲ ਦੇ ਬਾਹਰ ਗੇਟ ਦੇ ਅਤੇ ਸੱਜੇ-ਖੱਬੇ ਦੀਵਾਰਾਂ ’ਤੇ ਸਿੱਖਿਆ ਸੁਧਾਰ ਨਾਲ ਸੰਬੰਧਿਤ ਕਾਰਟੂਨ ਪੇਂਟਿੰਗ ਜ਼ਰੀਏ ਬਣਾਏ ਹੋਏ ਹਨ। ਜਿਸ ’ਚ ਕੁਝ ਵਿਅਕਤੀਆਂ ਦੀਆਂ ਕਾਰਟੂਨ ਰੂਪੀ ਤਸਵੀਰਾਂ ਹਨ। ਮਨਰੇਗਾ ਦਾ ਕੰਮ ਖਤਮ ਹੋਣ ਉਪਰੰਤ ਲਾਭਪਾਤਰੀ ਅਜਿਹੇ ਹੀ ਇਕ ਕਾਰਟੂਨ ਵਾਲੀ ਪੇਂਟਿਗ ਦੇ ਨਾਲ ਖੜੇ ਹੋ ਗਏ। ਇੰਨਾਂ ਵੱਲੋਂ ਪੈਸਿਆਂ ਦੇ ਭੁਗਤਾਨ ਲਈ ਜੋ 2 ਤਸਵੀਰਾਂ ਪੇਸ਼ ਕੀਤੀਆਂ ਗਈਆਂ, ਉਸ ’ਚ ਇਕ ਫੋਟੋ ਵਿਚ 9 ਲੋਕਾਂ ਨੂੰ ਕਾਰਟੂਨ ਪੇਂਟਿੰਗ ਦੇ ਨਾਲ ਖੜ੍ਹੇ ਦੇਖਿਆ ਜਾ ਸਕਦਾ ਹੈ। ਦੂਜੀ ਫੋਟੋ ’ਚ 6 ਲੋਕਾਂ ਨੂੰ ਕਾਰਟੂਨ ਪੇਂਟਿੰਗ ਦੇ ਨਾਲ ਖੜ੍ਹਾ ਦਿਖਾਇਆ ਗਿਆ ਹੈ। ਸੰਬੰਧਿਤ ਮਹਿਕਮੇ ਵੱਲੋਂ 9 ਅਤੇ 6 ਵਿਅਕਤੀਆਂ ਨੂੰ ਮਨਰੇਗਾ ਤਹਿਤ ਭੁਗਤਾਨ ਕਰਨ ਦੀ ਥਾਂ 10 ਅਤੇ 7 ਵਿਅਕਤੀਆਂ ਨੂੰ ਭੁਗਤਾਨ ਕੀਤਾ ਗਿਆ ਤੇ ਉਨ੍ਹਾਂ ਦੇ ਖਾਤੇ ’ਚ ਪੈਸੇ ਜਮ੍ਹਾਂ ਕੀਤੇ ਗਏ। ਇਹ ਭੁਗਤਾਨ ਪੰਚਾਇਤ ਵੱਲੋਂ ਪੇਸ਼ ਕੀਤੀਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਕੀਤਾ ਗਿਆ। ਅਸ਼ੋਕ ਚੌਧਰੀ ਨੇ ਦੋਸ਼ ਲਾਇਆ ਕਿ 2 ਲੋਕ ਮੌਜੂਦ ਨਹੀਂ ਸਨ ਤੇ ਉਨ੍ਹਾਂ ਦੇ ਬਦਲੇ ਕਾਰਟੂਨ ਦਰਸਾਏ ਗਏ। ਇਨ੍ਹਾਂ 2 ਕਾਰਟੂਨਾਂ ਨੂੰ ਵਿਅਕਤੀ ਸਮਝਦੇ ਹੋਏ ਅਜੀਤ ਸਿੰਘ ਅਤੇ ਬਲਬੀਰ ਸਿੰਘ ਨਾਂ ਦੇ ਵਿਅਕਤੀਆਂ ਨੂੰ ਭੁਗਤਾਨ ਕੀਤਾ ਗਿਆ ਤੇ ਇਹ ਦੋਵੇਂ ਪਿੰਡ ਗਾਜ਼ੀਕੋਟ ਦੀ ਪੰਚਾਇਤ ਦੇ ਕੁਝ ਮੈਂਬਰਾਂ ਦੇ ਨਜ਼ਦੀਕੀ ਦੱਸੇ ਜਾਂਦੇ ਹਨ।

Related Articles

Leave a Reply

Your email address will not be published. Required fields are marked *

Back to top button