Punjab

ਗੋਲੀ ਮਾਰ ਕੇ ਕਤਲ ਕੀਤੇ ਸਰਪੰਚ ਜਰਮਲ ਸਿੰਘ ਦੇ ਘਰ ਪੁੱਜੇ ਅਮਨ ਅਰੋੜਾ

ਵਲਟੋਹਾ, 6 ਜਨਵਰੀ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਲਟੋਹਾ ਸੰਧੂਆਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਜਿਨ੍ਹਾਂ ਦਾ ਐਤਵਾਰ ਨੂੰ ਅੰਮ੍ਰਿਤਸਰ ਦੇ ਮੈਰੀ ਗੋਲਡ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਪੁੱਜੇ। ਉਨ੍ਹਾਂ ਸਰਪੰਚ ਦੇ ਕਤਲ ਦੀ ਘਿਨਾਉਣੀ ਵਾਰਦਾਤ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜ਼ਾਮ ਦਿੱਤਾ ਹੈ, ਭਾਵੇਂ ਉਹ ਗੁੰਡੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਉਨ੍ਹਾਂ ਦੀ ਪਿੱਠ ਪਿੱਛੇ ਖੜ੍ਹੇ ਉਨ੍ਹਾਂ ਦੇ ਆਕਾ ਹੋਣ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਰਪੰਚ ਜਰਮਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਵੰਡਾਇਆ। ਇਸ ਮੌਕੇ ਅਫ਼ਸੋਸ ਪ੍ਰਗਟ ਕਰਦਿਆਂ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਅਹਿਦ ਲਿਆ ਕਿ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਰਮਲ ਸਿੰਘ ਇਕ ਨਿਰਸਵਾਰਥ, ਨੇਕ ਦਿਲ ਇਨਸਾਨ ਸਨ। ਜਿਨ੍ਹਾਂ ਨੇ ਕਦੇ ਵੀ ਕਿਸੇ ਲੋੜਵੰਦ ਭਾਵੇਂ ਉਹ ਉਨ੍ਹਾਂ ਦੇ ਪਿੰਡ ਦਾ ਹੋਵੇ ਜਾਂ ਇਲਾਕੇ ਦਾ, ਨੂੰ ਖ਼ਾਲੀ ਨਹੀਂ ਮੋੜਿਆ ਸੀ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੇ ਸਾਡੇ ਤੋਂ ਹੀਰਾ ਬੰਦਾ ਖੋਹ ਲਿਆ ਹੈ। ਜਰਮਲ ਸਿੰਘ ਵਰਗੇ ਲੋਕ ਅੱਜ-ਕੱਲ੍ਹ ਲੱਭੇ ਤੋਂ ਵੀ ਨਹੀਂ ਮਿਲਦੇ। ਸਾਫ਼-ਸੁਥਰੀ ਸ਼ਖ਼ਸੀਅਤ ਤੇ ਲੋਕਾਂ ਦੇ ਦਿਲ ‘ਚ ਵਸਣ ਵਾਲਾ ਵਿਅਕਤੀ ਹੀ ਤਿੰਨ ਵਾਰ ਸਰਪੰਚ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨੇਕ ਰੂਹ ਦਾ ਚਲਿਆ ਜਾਣਾ ਸਮਾਜ ਲਈ ਵੱਡਾ ਘਾਟਾ ਹੈ। ਇਸ ਘਟਨਾ ਪਿਛਲੇ ਅਪਰਾਧੀਆਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਸਪੱਸ਼ਟ ਅਤੇ ਸਖ਼ਤ ਨਿਰਦੇਸ਼ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button