
ਬਠਿੰਡਾ, 20 ਅਗਸਤ : ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਚ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਕੋਲੋ ਵਾਰਦਾਤ ਵਿਚ ਵਰਤਿਆ 32 ਬੋਰ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ ਡੀ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਪਿੰਡ ਪੱਕਾ ਕਲਾਂ ਨੇ ਮੰਗਲਵਾਰ ਨੂੰ ਗੋਲ਼ੀ ਮਾਰ ਕੇ ਆਪਣੀ ਪਤਨੀ ਜਸਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਡੀਐਸਪੀ ਦਿਹਾਤੀ ਹਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਮੁਲਜ਼ਮ ਜਗਸੀਰ ਸਿੰਘ ਸੀਰਾ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿਚ ਵਰਤਿਆ 32 ਬੋਰ ਦਾ ਰਿਵਾਲਵਰ ਅਤੇ ਇਕ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਐਸਪੀ ਡੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਪਹਿਲਾਂ ਵੀ ਦੋ ਲੜਾਈ ਝਗੜਿਆਂ ਦੇ ਪਰਚੇ ਦਰਜ ਹਨ, ਪਰ ਉਹ ਉਕਤ ਦੋਵਾਂ ਕੇਸਾਂ ਵਿੱਚੋਂ ਬਰੀ ਹੋ ਚੁੱਕਾ ਹੈ।



