Punjab

ਗਿਆਨੀ ਬੁੱਟਰ ਨੂੰ ਲਗਾਇਆ ਜਾ ਸਕਦੈ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ

ਅੰਮ੍ਰਿਤਸਰ, 4 ਫਰਵਰੀ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਕਾਰਜਕਾਰੀ ਤੌਰ ’ਤੇ ਵਧੀਕ ਮੁੱਖ ਗੰਥੀ ਗਿਆਨੀ ਅਮਰਜੀਤ ਸਿੰਘ ਨੂੰ ਕਾਰਜਕਾਰੀ ਸੇਵਾਵਾਂ ਸੌਂਪੀਆਂ ਗਈਆਂ ਹਨ। 15 ਫਰਵਰੀ ਦੇ ਕਰੀਬ ਆਉਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲਗਾਉਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਚਰਚਾ ਹੈ ਕਿ ਪਹਿਲਾਂ ਇਹ ਫ਼ੈਸਲਾ 31 ਜਨਵਰੀ ਨੂੰ ਰੱਖੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲੈਣਾ ਸੀ ਪਰ ਕੁਝ ਜ਼ਰੂਰੀ ਰਝੇਵਿਆਂ ਕਾਰਨ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਸੀ। ਹੁਣ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 15 ਫਰਵਰੀ ਦੇ ਆਸ-ਪਾਸ ਰੱਖਣ ਲਈ ਮੀਟਿੰਗ ਦਾ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਨਿਯੁਕਤੀ ਦਾ ਫ਼ੈਸਲਾ ਵੀ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਤਿੰਨ ਮਹੀਨਿਆਂ ਤੋਂ ਛੁੱਟੀ ਲੈ ਕੇ ਨਿੱਜੀ ਤੌਰ ’ਤੇ ਆਮ ਲੋਕਾਂ ਵਿਚ ਵਿਚਰ ਰਹੇ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਇਕ ਸਾਲ ਦੀ ਛੱਟੀ ਲਈ ਹੈ, ਜੋ ਕਿ ਅਮਰੀਕਾ ਦਾ ਆਰ ਵਨ ਵੀਜ਼ਾ ਲੈ ਕੇ ਅਮਰੀਕਾ ’ਚ ਪੱਕੇ ਤੌਰ ’ਤੇ ਰਹਿਣ ਦੀ ਤਿਆਰੀ ਕਰ ਰਹੇ ਹਨ। ਗਿਆਨੀ ਸੁਲਤਾਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਮਿਲੀ ਰਿਹਾਇਸ਼ ਨੂੰ ਵੀ ਖਾਲੀ ਕਰ ਦਿੱਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੋ ਗ੍ਰੰਥੀ ਸਿੰਘਾਂ ਦੇ ਚੱਲੇ ਜਾਣ ਤੋਂ ਬਾਅਦ ਦੋ ਹੋਰ ਨਵੇਂ ਗ੍ਰੰਥੀ ਸਿੰਘ ਵੀ ਰੱਖੇ ਜਾਣਗੇ। ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਭਾਵੇਂ ਕੁਝ ਸਾਲਾਂ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਵਿਚ ਆਏ ਹਨ, ਪਰ ਦਮਦਮੀ ਟਕਸਾਲ ਮਹਿਤਾ ਨਾਲ ਸਬੰਧਤ ਅਤੇ ਕਥਾ ਵਾਚਕ ਹੋਣ ਕਾਰਨ ਦੇਸ਼ ਵਿਦੇਸ਼ਾਂ ਵਿਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿਚ ਦਹਾਕਿਆਂ ਤੋਂ ਵਿਚਰ ਰਹੇ ਹਨ ਅਤੇ ਮੌਜੂਦਾ ਗ੍ਰੰਥੀ ਸਿੰਘਾਂ ਵਿਚ ਸਾਰਿਆਂ ਨਾਲੋਂ ਵਡੇਰੀ ਉਮਰ ਦੇ ਹਨ। ਚਰਚਾ ਹੈ ਕਿ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਦੇ ਨੇੜੇ ਵੀ ਹਨ ਅਤੇ ਸ਼੍ਰੋਮਣੀ ਕਮੇਟੀ ਨਾਲ ਗਿਆਨੀ ਹਰਨਾਮ ਸਿੰਘ ਦੀ ਪੈਦਾ ਹੋਈ ਦੂਰੀ ਨੂੰ ਇਹ ਚੋਣ ਨਜ਼ਦੀਕੀਆਂ ਵਿਚ ਬਦਲੇਗੀ। ਪੰਥਕ ਹਲਕਿਆਂ ਵਿਚ ਮੁੱਖ ਗ੍ਰੰਥੀ ਦੀ ਹੋਣ ਵਾਲੀ ਇਸ ਨਿਯੁਕਤੀ ਦੀ ਲਗਾਤਾਰ ਚਰਚਾ ਚੱਲ ਰਹੀ ਹੈ।

Related Articles

Leave a Reply

Your email address will not be published. Required fields are marked *

Back to top button