
ਖੰਨਾ, 31 ਮਈ: ਪਿੰਡ ਬਾਹੋਮਾਜਰਾ ਦੇ ਇੱਕ ਨੌਜਵਾਨ ਨੇ ਘਰ ’ਚ ਲੱਗੇ ਪੱਖੇ ਨਾਲ ਫਾਹਾ ਲਾ ਕੇ ਸ਼ੁੱਕਰਵਾਰ ਸ਼ਾਮ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (32) ਵਜੋਂ ਹੋਈ ਹੈ, ਜਿਸ ਦਾ ਸਿਰਫ਼ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਘਟਨਾ ਸਮੇਂ ਸੁਖਵਿੰਦਰ ਘਰ ’ਚ ਇਕੱਲਾ ਸੀ। ਉਹ ਸਵੇਰੇ ਮਨਰੇਗਾ ਦੇ ਕੰਮ ‘ਤੇ ਚਲਾ ਗਿਆ ਸੀ। ਉਸ ਦੀ ਪਤਨੀ ਨੂੰ ਉਸ ਦਾ ਸਾਲਾ ਅੱਜ ਸਵੇਰੇ ਹੀ ਆਪਣੇ ਨਾਲ ਲੈ ਗਿਆ ਸੀ। ਸ਼ਾਮ ਕਰੀਬ ਪੌਣੇ ਛੇ ਵਜੇ ਜਦੋਂ ਪਿਤਾ ਵਾਪਸ ਘਰ ਆਏ ਤਾਂ ਉਨ੍ਹਾਂ ਨੇ ਦੇਖਿਆ ਸੁਖਵਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਤੁਰੰਤ ਗੁਆਂਢੀਆਂ ਨੂੰ ਬੁਲਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ।



