
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 11 ਅਗਸਤ : ਸੂਬੇ ’ਚ ਖੇਤੀਬਾੜੀ ਕਿੱਤੇ ’ਚ ਮਹਿਲਾਵਾਂ ਦੀ ਹਿੱਸੇਦਾਰੀ ਵਧ ਰਹੀ ਹੈ। ਖੇਤੀਬਾੜੀ ਤੇ ਕਲਿਆਣ ਮੰਤਰਾਲੇ ਦੀ ਰਿਪੋਰਟ ਅਨੁਸਾਰ ਖੇਤੀ ਤੋਂ ਇਲਾਵਾ ਹੋਰ ਖੇਤਰਾਂ ’ਚ ਵੀ ਔਰਤਾਂ ਦੀ ਭਾਈਵਾਲੀ ਵਧਣ ਦੇ ਸੰਕੇਤ ਮਿਲੇ ਹਨ। ਸਾਲ-2022 ਤੋਂ 2025 ਤੱਕ ਮਹਿਲਾ ਕਿਸਾਨਾਂ ਨੇ ਪੀਐੱਮ ਕਿਸਾਨ ਯੋਜਨਾ ਤਹਿਤ 6.84 ਕਰੋੜ ਰੁਪਏ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਹੈ। ਪਹਿਲਾਂ ਇਸ ਯੋਜਨਾ ’ਚ ਔਰਤ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਸੀ, ਜੋ ਹੁਣ 9 ਫ਼ੀਸਦੀ ਵੱਧ ਗਈ ਹੈ। ਪੀਐੱਮ ਕਿਸਾਨ ਯੋਜਨਾ ਫਰਵਰੀ-2019 ’ਚ ਸ਼ੁਰੂ ਕੀਤੀ ਗਈ ਸੀ, ਜੋ ਕਿਸਾਨਾਂ ਦੀ ਵਿੱਤੀ ਲੋੜਾਂ ਨੂੰ ਪੂਰਾ ਕਰਦੀ ਹੈ। ਰਿਪੋਰਟ ਅਨੁਸਾਰ ਅਪ੍ਰੈਲ-ਜੁਲਾਈ 2022 ’ਚ ਪਹਿਲੀ ਕਿਸਤ ਦੌਰਾਨ ਪੰਜਾਬ ’ਚ ਸਿਰਫ 1031 ਮਹਿਲਾ ਕਿਸਾਨ ਲਾਭਪਾਤਰੀ ਸਨ, ਜਿਨ੍ਹਾਂ ਨੂੰ 22 ਲੱਖ ਰੁਪਏ ਮਿਲੇ ਸਨ। ਦਸੰਬਰ-2024 ਤੋਂ ਮਾਰਚ-2025 ਤੱਕ 19ਵੀਂ ਕਿਸ਼ਤ ਤਹਿਤ ਮਹਿਲਾ ਕਿਸਾਨ ਲਾਭਪਾਤਰੀਆਂ ਦੀ ਗਿਣਤੀ ਵਧ ਕੇ 10,787 ਹੋ ਗਈ ਅਤੇ ਇਨ੍ਹਾਂ ਨੂੰ 2.66 ਕਰੋੜ ਰੁਪਏ ਦੀ ਮਦਦ ਮਿਲੀ। ਇਹ ਵਾਧਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪੰਜਾਬ ’ਚ ਕੁੱਲ ਪੀਐੱਮ ਕਿਸਾਨ ਲਾਭਪਾਤਰੀਆਂ ਦੀ ਗਿਣਤੀ ਘਟੀ ਹੈ। ਅਪ੍ਰੈਲ-ਜੁਲਾਈ 2022 ’ਚ ਕੁੱਲ ਲਾਭਪਾਤਰੀ 16,97,473 ਸਨ, ਜੋ ਦਸੰਬਰ 2024-ਮਾਰਚ 2025 ’ਚ ਘੱਟ ਕੇ 10,58,688 ਰਹਿ ਗਏ। ਪੀਐੱਮ-ਕਿਸਾਨ ਯੋਜਨਾ ਤਹਿਤ ਤਿੰਨ ਸਮਾਨ ਕਿਸ਼ਤਾਂ ’ਚ ਪ੍ਰਤੀ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਜ਼ਰੀਏ ਆਧਾਰ ਨਾਲ ਜੁੜੇ ਬੈਂਕ ਖਾਤਿਆਂ ’ਚ ਦਿੱਤੀ ਜਾਂਦੀ ਹੈ। ਫਾਇਦਾ ਲੈਣ ਲਈ ਕਿਸਾਨ ਹੋਣਾ ਲਾਜ਼ਮੀ ਹੈ। ਯੋਜਨਾ ਸ਼ੁਰੂ ਹੋਣ ਤੋਂ ਹੁਣ ਤੱਕ 19 ਕਿਸ਼ਤਾਂ ’ਚ 3.69 ਲੱਖ ਕਰੋੜ ਰੁਪਏ ਤੋਂ ਵੱਧ ਵੰਡੇ ਗਏ ਹਨ। 19ਵੀਂ ਕਿਸ਼ਤ ’ਚ 10 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 23,000 ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲਿਆ। ਕੇਂਦਰ ਤੇ ਸੂਬਾ ਸਰਕਾਰਾਂ ਖੇਤੀਬਾੜੀ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਸਰਗਰਮ ਹਨ। 2024-25 ਤੋਂ 2025-26 ਲਈ 1261 ਕਰੋੜ ਰੁਪਏ ਦੇ ਬਜਟ ਨਾਲ ਔਰਤ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਨੂੰ ਡਰੋਨ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸਮੂਹ ਖੇਤੀਬਾੜੀ ਲਈ ਖਾਦਾਂ ਤੇ ਕੀਟਨਾਸ਼ਕਾਂ ਦੇ ਡਰੋਨ ਕਿਰਾਏ ‘ਤੇ ਦੇ ਰਹੇ ਹਨ। ਔਰਤਾਂ ਹੁਣ ਖੇਤੀਬਾੜੀ ਦੇ ਖੇਤਰਾਂ ’ਚ ਤੇਜ਼ੀ ਨਾਲ ਜੁੜ ਰਹੀਆਂ ਹਨ। ਹੁਨਰ ਸਿਖਲਾਈ ਤੇ ਹੋਰ ਸਰਕਾਰੀ ਯੋਜਨਾਵਾਂ ਨਾਲ ਇਸ ’ਚ ਹੋਰ ਵਾਧੇ ਦੀ ਉਮੀਦ ਹੈ। ਮਹਿਲਾ ਸਵੈ-ਸਹਾਇਤਾ ਸਮੂਹਾਂ ਜ਼ਰੀਏ ਡਰੋਨ ਵਰਗੀਆਂ ਤਕਨਾਲੋਜੀਆਂ ਦਾ ਉਪਯੋਗ ਨਾ ਸਿਰਫ ਖੇਤੀਬਾੜੀ ਦੇ ਕੰਮਾਂ ਨੂੰ ਆਸਾਨ ਬਣਾ ਰਿਹਾ ਹੈ, ਸਗੋਂ ਔਰਤਾਂ ਨੂੰ ਆਰਥਿਕ ਤੌਰ ‘ਤੇ ਵੀ ਸਸ਼ਕਤ ਕਰ ਰਿਹਾ ਹੈ।



