
ਗੁਰਦਾਸਪੁਰ, 19 ਅਗਸਤ : ਇਕ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੀ ਨੂੰਹ ਨੂੰ ਲੱਖਾਂ ਰੁਪਏ ਖਰਚ ਕਰ ਕੇ ਕੈਨੇਡਾ ਭੇਜਿਆ ਸੀ। ਉੱਥੇ ਉਸ ਨੇ ਉਨ੍ਹਾਂ ਦੇ ਪੁੱਤਰ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਥਾਣਾ ਧਾਰੀਵਾਲ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਨਜੀਤ ਸਿੰਘ ਵਾਸੀ ਕੋਟ ਸੰਤੋਖ ਰਾਏ ਨੇ ਦੱਸਿਆ ਹੈ ਕਿ ਸਿਮਰਨਜੀਤ ਕੌਰ ਵਾਸੀ ਬਾਬਾ ਫਰੀਦ ਕਾਲੋਨੀ ਮੁਕਤਸਰ ਸਾਹਿਬ ਦਾ ਵਿਆਹ ਉਸਦੇ ਪੁੱਤਰ ਅਰਸ਼ਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਬਿਆਨ ਕਰਤਾ ਨੇ ਲਗਭਗ 40 ਲੱਖ ਰੁਪਏ ਖਰਚ ਕਰ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜ ਦਿੱਤਾ। ਕੁਝ ਸਮੇਂ ਬਾਅਦ ਸਿਮਰਨਜੀਤ ਨੇ ਉਸ ਦੇ ਪੁੱਤਰ ਨੂੰ ਕੈਨੇਡਾ ਬੁਲਾਇਆ। ਉੱਥੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਜ਼ਿਸ਼ ਰਚੀ ਤੇ ਉਸਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਏਨਾ ਹੀ ਨਹੀਂ, ਝੂਠੇ ਦੋਸ਼ ਲਗਾ ਕੇ ਅਤੇ ਕੈਨੇਡੀਅਨ ਪੁਲਿਸ ਨੂੰ ਸ਼ਿਕਾਇਤ ਕਰਕੇ ਉਨ੍ਹਾਂ ਦੇ ਪੁੱਤਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ਾਂ ਨੂੰ ਸੱਚ ਪਾਇਆ ਅਤੇ ਸਿਮਰਨਜੀਤ ਕੌਰ, ਸੁਖਦਰਸ਼ਨ ਸਿੰਘ ਤੇ ਗਗਨਦੀਪ ਕੌਰ ਵਾਸੀ ਬਾਬਾ ਫਰੀਦ ਕਾਲੋਨੀ ਮੁਕਤਸਰ ਸਾਹਿਬ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।



