
ਬਾਲ ਕਿਸ਼ਨ
ਫਿਰੋਜ਼ਪੁਰ, 10 ਅਕਤੂਬਰ : ਭਾਜਪਾ ਦੇ ਕੇਂਦਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਜ਼ਿਲ੍ਹੇ ਦੇ ਕਈ ਮੁੱਦੇ ਚੁੱਕੇ। ਰਾਣਾ ਸੋਢੀ ਨੇ ਫਿਰੋਜ਼ਪੁਰ, ਫਾਜ਼ਿਲਕਾ ਅਤੇ ਧਰਮਕੋਟ ਰੋਡ ਨੂੰ ਜਲਦ ਤੋਂ ਜਲਦ ਚੌ-ਮਾਰਗੀ (ਫੋਰ ਲੇਨ) ਬਣਾਉਣ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਇਆ ਹੈ। ਇਸ ਸਬੰਧੀ ਮੰਤਰਾਲੇ ਨੇ ਵਿਭਾਗ ਤੋਂ ਡੀਪੀਆਰ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਮੰਗੀ ਹੈ ਤਾਂ ਜੋ ਪ੍ਰੋਜੈਕਟ ਨੂੰ ਪਾਸ ਕਰਕੇ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾ ਸਕੇ। ਸੋਢੀ ਨੇ ਦੱਸਿਆ ਕਿ ਵੱਧਦੇ ਯਾਤਾਯਾਤ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਲਗਾਤਾਰ ਇਹ ਮੁੱਦਾ ਉਠਾਇਆ ਜਾ ਰਿਹਾ ਸੀ ਕਿ ਫਾਜ਼ਿਲਕਾ ਰੋਡ ਅਤੇ ਜ਼ੀਰਾ ਰੋਡ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੇਂਦਰੀ ਆਵਾਜਾਈ ਮੰਤਰੀ ਨੇ ਉਨ੍ਹਾਂ ਦੀ ਮੰਗ ’ਤੇ ਗੌਰ ਕਰਦਿਆਂ ਸਬੰਧਤ ਵਿਭਾਗ ਨੂੰ ਪੱਤਰ ਭੇਜ ਕੇ ਪ੍ਰੋਜੈਕਟ ਰਿਪੋਰਟ ਬਣਾ ਕੇ ਭੇਜਣ ਦੇ ਹੁਕਮ ਜਾਰੀ ਕੀਤੇ ਸਨ। ਰਾਣਾ ਸੋਢੀ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਫਾਜ਼ਿਲਕਾ ਅਤੇ ਫਿਰੋਜ਼ਪੁਰ ਤੋਂ ਜ਼ੀਰਾ ਵਾਇਆ ਧਰਮਕੋਟ ਦੀ ਸੜਕ ਨੂੰ ਫੋਰ ਲੇਨ ਬਣਾਉਣ ’ਤੇ 1700 ਕਰੋੜ ਰੁਪਏ ਖਰਚ ਹੋਣਗੇ। ਇਹ ਸੜਕ 15 ਮੀਟਰ ਚੌੜੀ ਹੋਵੇਗੀ ਅਤੇ ਜਿੱਥੇ ਓਵਰ ਬ੍ਰਿਜ ਹੋਵੇਗਾ, ਉੱਥੇ ਹੇਠਾਂ 3 ਮੀਟਰ ਦੀ ਸਰਵਿਸ ਰੋਡ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਆਮ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਲੋਕਾਂ ਨੂੰ ਆਪਣੇ ਵਾਹਨ ਇਸ ਸੜਕ ਤੋਂ ਲੰਘਾਉਣ ਵਿਚ ਆਸਾਨੀ ਹੋਵੇਗੀ। ਰਾਣਾ ਸੋਢੀ ਨੇ ਦੱਸਿਆ ਕਿ ਇਸ ਸੜਕ ਤੋਂ ਅੰਮ੍ਰਿਤਸਰ, ਰਾਜਸਥਾਨ, ਹਰਿਆਣਾ, ਗੁਜਰਾਤ ਤੱਕ ਦਾ ਟਰੈਫਿਕ ਚੱਲਦਾ ਹੈ। ਸੜਕ ਤੰਗ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਣਾ ਸੋਢੀ ਨੇ ਕਿਹਾ ਕਿ ਫੋਰ ਲੇਨ ਬਣਨ ਨਾਲ ਜ਼ਿਲ੍ਹੇ ਦੇ ਵਿਕਾਸ ਵਿਚ ਵੀ ਤੇਜ਼ੀ ਆਵੇਗੀ। ਉਨ੍ਹਾਂ ਕੋਟ ਬੁੱਢਾ ਸੜਕ ਦੀ ਸੁੰਦਰਤਾ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦੱਸਿਆ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਦਿੱਲੀ ਦਰਬਾਰ ਵਿਚ ਉਠਾਉਣ ਲਈ ਉਹ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਉਨ੍ਹਾਂ ਦੀ ਜਨਮ ਅਤੇ ਕਰਮ ਭੂਮੀ ਹੈ ਅਤੇ ਇੱਥੋਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਉਨ੍ਹਾਂ ਲਈ ਹਮੇਸ਼ਾ ਪਹਿਲ ਰਹਿੰਦੀ ਹੈ।



