ਕਵੇਟਾ ‘ਚ ਟ੍ਰੇਨ ਹਾਈਜੈਕ ਹੋਣ ਦੇ 24 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ; 200 ਤੋਂ ਵੱਧ ਭੇਜੇ ਗਏ ਤਾਬੂਤ

ਨਵੀਂ ਦਿੱਲੀ, 12 ਮਾਰਚ-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਮੰਗਲਵਾਰ ਨੂੰ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਰੇਲਗੱਡੀ ਜਾਫਰ ਐਕਸਪ੍ਰੈਸ ਨੂੰ ਬੋਲਨ ਦੱਰੇ ‘ਤੇ ਹਾਈਜੈਕ ਕਰ ਕੇ ਯਾਤਰੀਆਂ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਖ਼ਬਰ ਹੈ ਕਿ ਕਵੇਟਾ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਵਿੱਚ ਤਾਬੂਤ ਭੇਜੇ ਜਾ ਰਹੇ ਹਨ। ਬੀਐਲਏ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਲੋਚਿਸਤਾਨ ਵਿੱਚ ਸਰਗਰਮ ਹੈ, ਪਰ ਹਾਲ ਹੀ ਵਿੱਚ ਅੱਤਵਾਦੀ ਸੰਗਠਨ ਅਤੇ ਇਸਦੇ ਸਹਿਯੋਗੀ ਮਜੀਦ ਬ੍ਰਿਗੇਡ ਦੇ ਵਿਸਥਾਰ ਅਤੇ ਹਮਲਿਆਂ ਵਿੱਚ ਵਾਧਾ ਹੋਇਆ ਹੈ। ਸੁਰੱਖਿਆ ਸੂਤਰਾਂ ਨੇ ਬੁੱਧਵਾਰ ਨੂੰ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਦੱਖਣ-ਪੱਛਮੀ ਪਾਕਿਸਤਾਨ ਵਿੱਚ ਅੱਤਵਾਦੀਆਂ ਵੱਲੋਂ ਇੱਕ ਰੇਲਗੱਡੀ ਨੂੰ ਹਾਈਜੈਕ ਕਰਨ ਤੋਂ ਬਾਅਦ ਬੰਧਕ ਬਣਾਏ ਗਏ ਕੁਝ ਯਾਤਰੀਆਂ ਦੇ ਕੋਲ ਆਤਮਘਾਤੀ ਹਮਲਾਵਰ ਬੈਠੇ ਸਨ, ਜਿਸ ਨਾਲ ਬਚਾਅ ਕਾਰਜ ਮੁਸ਼ਕਿਲ ਹੋ ਗਿਆ ਹੈ। ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਲਗਪਗ 50 ਵੱਖਵਾਦੀ ਬਾਗੀਆਂ ਨੇ ਰੇਲਵੇ ਪਟੜੀਆਂ ਨੂੰ ਉਡਾ ਦਿੱਤਾ ਅਤੇ ਜਾਫਰ ਐਕਸਪ੍ਰੈਸ ‘ਤੇ ਰਾਕੇਟ ਦਾਗੇ, ਜਿਸ ਵਿੱਚ 400 ਤੋਂ ਵੱਧ ਲੋਕ ਸਵਾਰ ਸਨ।
ਬਚਾਅ ਕਾਰਜ ਜਾਰੀ, 155 ਬੰਧਕਾਂ ਨੂੰ ਬਚਾਇਆ ਗਿਆ
ਇਸ ਰੇਲਗੱਡੀ ਨੂੰ ਅਗਵਾ ਕਰਨ ਦੇ 24 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਹੈ। ਸੈਂਕੜੇ ਸੈਨਿਕ ਤੇ ਹੈਲੀਕਾਪਟਰਾਂ ‘ਤੇ ਸਵਾਰ ਟੀਮਾਂ ਦੂਰ-ਦੁਰਾਡੇ ਪਹਾੜੀ ਖੇਤਰ ਵਿੱਚ ਬੰਧਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਚਲਾ ਰਹੀਆਂ ਹਨ ਜਿੱਥੇ ਰੇਲਗੱਡੀ ਫਸੀ ਹੋਈ ਹੈ। ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ 155 ਯਾਤਰੀਆਂ ਨੂੰ ਬਚਾਇਆ ਹੈ। ਅੱਤਵਾਦੀਆਂ ਦੀ ਹਿਰਾਸਤ ਵਿੱਚ ਕਿੰਨੇ ਲੋਕ ਹਨ, ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਰਾਇਟਰਜ਼ ਦੇ ਅਨੁਸਾਰ, ਰੇਲਗੱਡੀ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ “ਲੋਕਾਂ ‘ਤੇ ਹਮਲਾ ਕੀਤਾ ਗਿਆ… ਯਾਤਰੀ ਜ਼ਖਮੀ ਹੋਏ ਤੇ ਕੁਝ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਇੱਕ ਸੁਰੰਗ ਵਿੱਚ ਫਸ ਗਈ ਸੀ ਅਤੇ ਡਰਾਈਵਰ ਦੀ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਮੌਤ ਹੋ ਗਈ। ਬੀਐਲਏ ਨੇ ਧਮਕੀ ਦਿੱਤੀ ਹੈ ਕਿ ਜੇਕਰ ਬਲੋਚ ਰਾਜਨੀਤਿਕ ਕੈਦੀਆਂ, ਕਾਰਕੁਨਾਂ ਅਤੇ ਲਾਪਤਾ ਵਿਅਕਤੀਆਂ ਨੂੰ ਫੌਜ ਨੇ 48 ਘੰਟਿਆਂ ਦੇ ਅੰਦਰ ਰਿਹਾਅ ਨਹੀਂ ਕੀਤਾ ਤਾਂ ਉਹ ਬੰਧਕਾਂ ਨੂੰ ਮਾਰਨਾ ਸ਼ੁਰੂ ਕਰ ਦੇਣਗੇ। ਇੱਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਟ੍ਰੇਨ ‘ਤੇ ਕਬਜ਼ਾ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਯਾਤਰੀਆਂ ਨੂੰ ਉਤਾਰਨਾ ਅਤੇ ਉਨ੍ਹਾਂ ਦੀ ਪਛਾਣ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਸਰਕਾਰ ਮੌਤਾਂ ‘ਤੇ ਚੁੱਪ ਹਨ।
ਹਾਲਾਂਕਿ ਸਰਕਾਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਬੀਬੀਸੀ ਉਰਦੂ ਦੇ ਅਨੁਸਾਰ ਕਵੇਟਾ ਤੋਂ ਬੋਲਾਨ ਲਈ ਇੱਕ ਰਾਹਤ ਰੇਲਗੱਡੀ ਵਿੱਚ ਲਗਪਗ 200 ਤਾਬੂਤ ਵੀ ਭੇਜੇ ਗਏ ਸਨ। ਸੂਤਰ ਨੇ ਦੱਸਿਆ ਕਿ ਬੰਬਾਂ ਨਾਲ ਲੈਸ ਬੀਐਲਏ ਅੱਤਵਾਦੀ ਹੋਰ ਯਾਤਰੀਆਂ ਦੇ ਕੋਲ ਬੈਠੇ ਸਨ। ਬੀਐਲਏ ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਨਾਲ ਲੱਗਦੇ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਸੂਬੇ ਵਿੱਚ ਪਾਕਿਸਤਾਨ ਦੀ ਸਰਕਾਰ ਨਾਲ ਲੜ ਰਹੇ ਕਈ ਨਸਲੀ ਹਥਿਆਰਬੰਦ ਸਮੂਹਾਂ ਵਿੱਚੋਂ ਸਭ ਤੋਂ ਵੱਡਾ ਹੈ। ਇੱਕ ਸੁਰੱਖਿਆ ਸੂਤਰ ਨੇ ਬੁੱਧਵਾਰ ਨੂੰ ਦੱਸਿਆ ਕਿ ਫੌਜੀ ਕਾਰਵਾਈ ਵਿੱਚ ਹੁਣ ਤੱਕ 27 ਬੀਐਲਏ ਲੜਾਕੇ ਮਾਰੇ ਗਏ ਹਨ। ਮੰਗਲਵਾਰ ਨੂੰ, ਬੀਐਲਏ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਦਾ ਕੋਈ ਵੀ ਮੈਂਬਰ ਮਾਰਿਆ ਗਿਆ ਹੈ। ਇਸ ਘਟਨਾ ਵਿੱਚ ਹੁਣ ਤੱਕ ਬਚਾਏ ਗਏ 50 ਤੋਂ ਵੱਧ ਲੋਕਾਂ ਨੂੰ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਕਵੇਟਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਇੱਕ ਔਰਤ ਨੇ ਕਿਹਾ ਕਿ ਬੰਧਕ ਯਾਤਰੀਆਂ ਵਿੱਚ ਉਸਦਾ ਪੁੱਤਰ ਵੀ ਸ਼ਾਮਲ ਸੀ।
ਕਵੇਟਾ ਰੇਲਵੇ ਸਟੇਸ਼ਨ ‘ਤੇ ਹੋਈ ਭੀੜ ਇਕੱਠੀ
ਕਵੇਟਾ ਰੇਲਵੇ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਰੇਲਵੇ ਸਟੇਸ਼ਨ ਜਾਂ ਕਿਸੇ ਸਰਕਾਰੀ ਦਫ਼ਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਕਵੇਟਾ ਰੇਲਵੇ ਸਟੇਸ਼ਨ ‘ਤੇ ਕਰਫਿਊ ਵਰਗੀ ਸਥਿਤੀ ਹੈ।



