
ਫ਼ਿਰੋਜ਼ਪੁਰ, 2 ਜਨਵਰੀ (ਜਸਵਿੰਦਰ ਸਿੰਘ ਸੰਧੂ)– ਫਿਰੋਜ਼ਪੁਰ ਦੇ ਸਤੀਏ ਵਾਲਾ ਬਾਈਪਾਸ ਨੇੜੇ ਖੰਡਾ ਚੋਂਕ ਕੋਲ ਇਕ ਕਰਿਆਨੇ ਦੀ ਦੁਕਾਨ ’ਤੇ ਲੁੱਟ ਖੋਹ ਕਰਨ ਆਏ ਲੁਟੇਰਿਆਂ ਨੇ ਮਾਰ ਦੇਣ ਦੀ ਨੀਅਤ ਨਾਲ ਵਿਅਕਤੀ ’ਤੇ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਉਕਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ 307, 109 ਬੀਐੱਨਐੱਸ 25, 27, 54, 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਾਹਿਲ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰਬਰ 53 ਬਾਜ਼ਾਰ ਨੰਬਰ 1 ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਸਤੀਏ ਵਾਲਾ ਬਾਈਪਾਸ ਨੇੜੇ ਖੰਡਾ ਚੋਂਕ ਕਰਿਆਨੇ ਦੀ ਦੁਕਾਨ ਹੈ। ਉਸ ਦੀ ਦੁਕਾਨ ’ਤੇ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ, ਜੋ ਇਕ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ, ਜਿਸ ਨੇ ਉਸ ਨੂੰ ਕਿਹਾ ਕਿ ਜੋ ਸਮਾਨ ਤੇਰੇ ਕੋਲ ਹੈ ਉਹ ਕੱਢ ਦੇ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਾਹਿਲ ਨੇ ਦੱਸਿਆ ਕਿ ਉਸ ਨੇ ਡਰਦੇ ਹੋਏ ਕਿਹਾ ਕਿ ਪੈਸੇ ਪਿੱਛੇ ਪਏ ਹਨ, ਉਹ ਚੱਕ ਕੇ ਫੜਾਉਂਦਾ ਹੈ। ਜਦ ਉਹ ਦੁਕਾਨ ਦੇ ਪਿੱਛੇ ਗੇਟ ਵੱਲ ਭੱਜਿਆ ਤਾਂ ਅਣਪਛਾਤੇ ਵਿਅਕਤੀ ਨੇ ਦਸਤੀ ਪਿਸਤੌਲ ਦਾ ਫਾਇਰ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ, ਜੋ ਫਾਇਰ ਦੁਕਾਨ ਵਿਚ ਸਮਾਨ ’ਤੇ ਸਾਇਡ ਤੇ ਲੱਗਿਆ ਤੇ ਉਹ ਬੱਚ ਗਿਆ ਤਾਂ ਦੋਵੇਂ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਭੱਜ ਗਏ ਤੇ ਜਾਂਦੇ ਹੋਏ ਕਾਊਂਟਰ ਤੋਂ ਭੂਜੀਆਂ ਦਾ ਪੈਕਟ ਚੁੱਕ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



