
ਬਰਨਾਲਾ, 30 ਮਈ: ਕਸਬਾ ਮਹਿਲ ਕਲਾਂ ਦੇ ਛੀਨੀਵਾਲ ਰੋਡ ਉੱਪਰ ਪ੍ਰਸਿੱਧ ਪੰਨੂ ਕਰਿਆਣਾ ਸਟੋਰ ’ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਪਹੁੰਚੇ ਜਿਨ੍ਹਾਂ ’ਚੋਂ ਇਕ ਵਿਅਕਤੀ ਦੁਕਾਨ ਅੰਦਰ ਦਾਖਲ ਹੋ ਕੇ 4 ਕਿੱਲੋ ਬਦਾਮ ਲੈ ਗਿਆ ਤੇ ਬਿਨਾਂ ਭੁਗਤਾਨ ਕੀਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਪੰਨੂ ਕਰਿਆਣਾ ਸਟੋਰ ਦੇ ਮਾਲਕ ਜਗਦੀਸ਼ ਸਿੰਘ ਪੰਨੂ ਵਾਸੀ ਛੀਨੀਵਾਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਲਗਭਗ 9 ਵਜੇ ਦੇ ਕਰੀਬ ਦੋ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਾਡੇ ਕਰਿਆਣਾ ਸਟੋਰ ਉੱਤੇ ਆਏ। ਇਕ ਵਿਅਕਤੀ ਬਾਹਰ ਮੋਟਰਸਾਈਕਲ ਕੋਲ ਖੜਾਕੇ ਜਦਕਿ ਦੂਜਾ ਅੰਦਰ ਆ ਕੇ ਬਦਾਮ ਖਰੀਦਣ ਲੱਗਾ। ਮੇਰੇ ਪੁੱਤ ਜਸਵਿੰਦਰ ਸਿੰਘ ਨੇ ਜਦ ਪੈਸੇ ਮੰਗੇ ਤਾਂ ਉਸ ਨੇ ਕਿਹਾ ਕਿ ਆਨਲਾਈਨ ਭੁਗਤਾਨ ਕਰ ਰਿਹਾ ਹਾਂ, ਪਰ ਭੁਗਤਾਨ ਕੀਤੇ ਬਿਨਾਂ ਹੀ ਚੁਪਚਾਪ ਬਦਾਮ ਲੈ ਕੇ ਦੋਵੇਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਕਸਬਾ ਮਹਿਲ ਕਲਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਠੱਗੀ ਕਰਨ ਵਾਲਿਆਂ ਦੀ ਪਛਾਣ ਲਈ ਇਲਾਕੇ ਦੀਆਂ ਗਲੀਆਂ, ਮਹੱਲਿਆਂ ਤੇ ਰਸਤੇ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਦੁਕਾਨਦਾਰ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ ’ਚ ਮਾਮਲੇ ਦੀ ਪੁਸ਼ਟੀ ਲਈ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੂੰ ਮਿਲ ਕੇ ਅਧਿਕਾਰਕ ਸ਼ਿਕਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਦੁਕਾਨਦਾਰਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਜਰਨਲ ਸਕੱਤਰ ਹਰਦੀਪ ਸਿੰਘ ਬੀਹਲਾ, ਮਨਦੀਪ ਸਿੰਘ ਚੀਕੂ ਅਤੇ ਸਤੀਸ਼ ਕੁਮਾਰ ਮਹਿਲਕਲਾਂ ਸਮੇਤ ਸਮੂਹ ਦੁਕਾਨਦਾਰ ਯੂਨੀਅਨ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਅਜਿਹੇ ਨੌਸਰਬਾਜ਼ਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕੋਈ ਦੁਕਾਨਦਾਰ ਠੱਗੀ ਦਾ ਸ਼ਿਕਾਰ ਨਾ ਹੋਵੇ।



