
ਨਵੀਂ ਦਿੱਲੀ, 25 ਮਈ- ਦਿੱਲੀ-ਐੱਨਸੀਆਰ ’ਚ ਇਕ ਵਾਰ ਫਿਰ ਮੌਸਮ ਨੇ ਆਪਣਾ ਰੂਪ ਬਦਲਿਆ ਹੈ। ਐਤਵਾਰ ਦੀ ਸਵੇਰੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਸੜਕਾਂ ’ਤੇ ਹਰ ਥਾਂ ਪਾਣੀ ਭਰ ਗਿਆ ਹੈ। ਸੜਕਾਂ ਦੇ ਜਲਮਗਨ ਹੋਣ ਕਾਰਨ ਆਵਾਜਾਈ ’ਚ ਰੁਕਾਵਟ ਆ ਰਹੀ ਹੈ ਅਤੇ ਲੋਕਾਂ ਨੂੰ ਜਾਮ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਨਕਪੁਰਾ ਸਮੇਤ ਹੋਰ ਅੰਡਰਪਾਸਾਂ ’ਚ ਕਾਫ਼ੀ ਪਾਣੀ ਭਰਿਆ ਹੋਇਆ ਹੈ। ਹਨ੍ਹੇਰੀ ਨਾਲ ਤੇਜ਼ ਮੀਂਹ ਨੇ ਐੱਨ.ਸੀ.ਆਰ. ’ਚ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ। ਇਸ ਦੇ ਨਾਲ ਹੀ ਦਿੱਲੀ ਏਅਰਪੋਰਟ ’ਤੇ ਵਿਮਾਨਾਂ ਦਾ ਪਰਚਾਲਨ ਵੀ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਸ਼ਨੀਵਾਰ ਰਾਤ 11:30 ਵਜੇ ਤੋਂ ਐਤਵਾਰ ਸਵੇਰੇ 5:30 ਵਜੇ ਦੇ ਦਰਮਿਆਨ 6 ਘੰਟਿਆਂ ’ਚ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ 81.2 ਮਿ.ਮੀ. ਮੀਂਹ ਦਰਜ ਕੀਤਾ ਗਈ। ਮੀਂਹ ਕਾਰਨ ਰਾਜਧਾਨੀ ਦੇ ਮੋਤੀ ਬਾਗ, ਮਿੰਟੋ ਰੋਡ, ਦਿੱਲੀ ਛਾਓਨੀ ਅਤੇ ਦਿਨ ਦਿਆਲ ਰਸਤਿਆਂ ਸਮੇਤ ਸ਼ਹਿਰ ਦੀਆਂ ਕਈ ਸੜਕਾਂ ਜਲਮਗਨ ਹੋ ਗਈਆਂ, ਜਦਕਿ ਕਈ ਇਲਾਕਿਆਂ ’ਚ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ।
ਰੇਵਾੜੀ, ਫਰੀਦਾਬਾਦ ਅਤੇ ਗੁਰਗ੍ਰਾਮ ’ਚ ਵੀ ਹਨ੍ਹੇਰੀ ਨਾਲ ਮੀਂਹ
ਦੇਰ ਰਾਤ ਮੌਸਮ ’ਚ ਬਦਲਾਅ ਆਉਣ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਕਈ ਥਾਵਾਂ ‘ਤੇ ਦਰੱਖਤ ਟੁੱਟਣ ਕਾਰਨ ਬਿਜਲੀ ਗਾਇਬ ਹੋ ਗਈ ਹੈ। ਸ਼ਹਿਰ ਦੇ ਬਹੁਤ ਸਾਰੇ ਥਾਵਾਂ ’ਤੇ ਬਿਜਲੀ ਗੁਲ ਹੋ ਗਈ। ਇਸ ਸਮੇਂ ਤੱਕ ਗਰਜ ਚਮਕ ਨਾਲ ਤੇਜ਼ ਹਵਾ ਦੇ ਵਿਚਕਾਰ ਮੀਂਹ ਪਿਆ ਹੈ।



