
ਚੰਡੀਗੜ੍ਹ, 16 ਜੂਨ : ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ ਹੋ ਰਹੀ ਉਪ ਚੋਣ ਦੇ ਸਮਾਪਤ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿਚ ਸੰਗਠਨਾਤਮਕ ਤੌਰ ’ਤੇ ਵੱਡੀਆਂ ਤਬਦੀਲੀਆਂ ਦੀ ਸੰਭਾਵਨਾ ਹੈ। ਪ੍ਰਦੇਸ਼ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਵਿਚ ਮੌਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ। ਇਸ ਦੇ ਨਾਲ ਹੀ ਪਾਰਟੀ ਨੂੰ ਨਵਾਂ ਸੰਗਠਨ ਮਹਾਮੰਤਰੀ ਵੀ ਮਿਲ ਸਕਦਾ ਹੈ। ਇਸ ਦੌਰਾਨ ਸੂਬੇ ਦੀ ਕਮਾਨ ਸੁਨੀਲ ਜਾਖੜ ਦੇ ਹੱਥਾਂ ਵਿਚ ਹੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲੀ ਪਸੰਦ ਹਨ। ਇਹ ਗੱਲ ਮਹੱਤਵਪੂਰਨ ਹੈ ਕਿ ਲੁਧਿਆਣਾ ਪੱਛਮੀ ਸੀਟ ’ਤੇ ਟਿਕਟ ਦੇਣ ਲਈ ਪਾਰਟੀ ਨੇ ਆਪਣੇ ਹੀ ਕੈਡਰ ’ਤੇ ਭਰੋਸਾ ਜਤਾਇਆ ਹੈ ਜਿਸ ਨਾਲ ਸੰਗਠਨ ਵਿਚ ਉਤਸ਼ਾਹ ਹੈ। ਇਸ ਤੋਂ ਇਲਾਵਾ ਭਾਜਪਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਪੰਜਾਬ ਵਿਚ ਆਪਣੇ ਦਮ ’ਤੇ ਅੱਗੇ ਵਧਣ ਲਈ ਤਿਆਰ ਹੈ।ਲੁਧਿਆਣਾ ਉਪ ਚੋਣ ਦੌਰਾਨ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਭਾਜਪਾ ਇੰਨੀ ਗੰਭੀਰਤਾ ਨਾਲ ਚੋਣ ਲੜ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਲਈ ਵੋਟਾਂ ਮੰਗਣ ਆ ਚੁੱਕੇ ਹਨ। ਇਸ ਦੌਰਾਨ ਲੰਬੇ ਸਮੇਂ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਵਿਚ ਖਾਸੇ ਸਰਗਰਮ ਦਿਖਾਈ ਦਿੱਤੇ। ਹਾਲਾਂਕਿ ਇਸ ਦੌਰਾਨ 12 ਜੂਨ ਨੂੰ ਇਕ ਅਣਹੋਣੀ ਘਟਨਾ ਵਿਚ ਪਾਰਟੀ ਦੇ ਸੂਬਾ ਇੰਚਾਰਜ ਵਿਜੇ ਰੂਪਾਣੀ ਦਾ ਦੇਹਾਂਤ ਹੋ ਗਿਆ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਕੁਝ ਵੱਡੇ ਬਦਲਾਅ ਹੋਣਗੇ। ਸੰਗਠਨ ਮਹਾਮੰਤਰੀ ਮੰਥਰੀ ਸ਼੍ਰੀਵਾਸੁਲੂ ਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤੀ ਦਿੱਤੀ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਸੰਗਠਨ ਮਹਾਮੰਤਰੀ ਦੀ ਕਾਰਜਸ਼ੈਲੀ ’ਤੇ ਸਵਾਲ ਉੱਠਦੇ ਰਹੇ ਹਨ, ਜਿਸ ਕਾਰਨ ਪਾਰਟੀ ਦੇ ਮਹਾਮੰਤਰੀ ਜਗਮੋਹਨ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਸੀਨੀਅਰ ਨੇਤਾਵਾਂ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ। ਸੂਤਰਾਂ ਅਨੁਸਾਰ ਸੰਗਠਨ ਮਹਾਮੰਤਰੀ ਦੇ ਨਾਲ ਪਾਰਟੀ ਦੇ ਨੇਤਾਵਾਂ ਵਿਚ ਖਿੱਚੋਤਾਣ ਦੌਰਾਨ ਵਿਜੇ ਰੂਪਾਣੀ ਹਮੇਸ਼ਾ ਪੁਲ ਦਾ ਕੰਮ ਕਰਦੇ ਰਹੇ। ਜਾਣਕਾਰੀ ਅਨੁਸਾਰ ਸੂਬੇ ਦੀ ਕਮਾਨ ਸੁਨੀਲ ਜਾਖੜ ਦੇ ਹੱਥਾਂ ਵਿਚ ਰਹੇਗੀ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ੁਦ ਚਾਹੁੰਦੇ ਹਨ ਕਿ ਉਹ ਪੰਜਾਬ ਦੀ ਕਮਾਨ ਸੰਭਾਲਣ। ਇਹੀ ਕਾਰਨ ਹੈ ਕਿ ਅਹੁਦਾ ਮੁਕਤੀ ਦੀ ਇੱਛਾ ਪ੍ਰਗਟ ਕਰਨ ਦੇ ਬਾਵਜੂਦ ਪਾਰਟੀ ਨੇ ਲਗਪਗ 11 ਮਹੀਨੇ ਤੱਕ ਨਵੇਂ ਪ੍ਰਧਾਨ ਦੀ ਭਾਲ ਨਹੀਂ ਕੀਤੀ। ਪਾਰਟੀ ਦੇ ਇਕ ਸੀਨੀਅਰ ਨੇ ਦੱਸਿਆ ‘ਹੁਣ ਜੋ ਵੀ ਬਦਲਾਅ ਹੋਣਾ ਹੈ, ਉਹ ਉਪ ਚੋਣ ਤੋਂ ਬਾਅਦ ਹੋਵੇਗਾ।’ ਉਪ ਚੋਣ ਵਿਚ ਪਾਰਟੀ ਨੇ ਆਪਣੀ ਤਾਕਤ ਲਗਾ ਕੇ ਇਸ ਗੱਲ ਦੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਸ ਦਾ ਅਗਲਾ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਹਨ।



