
ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਅੱਜ ਆਯੁਸ਼ਮਾਨ ਅਰੋਗਿਆ ਕੇਂਦਰ ਭਾਵੜਾ ਆਜ਼ਮ ਸ਼ਾਹ ਵਿਖੇ ਟੀਬੀ ਮੁਕਤ ਭਾਰਤ ਕੈਂਪੇਨ ਦੇ ਤਹਿਤ ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਦੇ ਹੁਕਮਾਂ ਅਨੁਸਾਰ ਅਤੇ ਐੱਸ.ਐਮ.ਓ. ਡਾ: ਰੇਖਾ ਜੀ ਦੀ ਰੇਖ–ਦੇਖ ਵਿਚ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਕਮਿਊਨਿਟੀ ਹੈਲਥ ਅਫ਼ਸਰ ਨਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕੀ ਵਿਸ਼ਵ ਟੀਬੀ ਦਿਵਸ ਮਨਾਉਣ ਦਾ ਮੁੱਖ ਟੀਚਾ ਲੋਕਾਂ ਨੂੰ ਟੀਬੀ ਦੀ ਗੰਭੀਰਤਾ ਬਾਰੇ ਜਾਗਰੂਕ ਕਰਨਾ ਅਤੇ ਇਸਦੀ ਰੋਕਥਾਮ ਅਤੇ ਇਲਾਜ ਨੂੰ ਵਧਾਵਾ ਦੇਣਾ ਹੈ। ਇਸ ਦਿਨ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਟੀਬੀ ਦੇ ਲੱਛਣ, ਇਲਾਜ ਅਤੇ ਬਚਾਅ ਨਾਲ ਜੁੜੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਇਸ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਕਮਿਊਨਿਟੀ ਹੈਲਥ ਅਫ਼ਸਰ ਨਰਿੰਦਰ ਸਿੰਘ ਨੇ ਦੱਸਿਆ ਕੀ ਟੀਬੀ ਇਕ ਸੰਕਰਾਮਕ ਬਿਮਾਰੀ ਹੈ, ਜੋ ਟੀਬੀ ਬੈਕਟੀਰੀਆ (ਮਾਇਕੋਬੈਕਟੀਰੀਅਮ ਟਿਊਬਰਕੁਲੋਸਿਸ) ਦੇ ਕਾਰਨ ਹੁੰਦੀ ਹੈ। ਇਹ ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਸਰੀਰ ਦੇ ਹੋਰ ਅੰਗਾਂ ਵਿਚ ਵੀ ਫੈਲ ਸਕਦੀ ਹੈ। ਟੀਬੀ ਹਵਾ ਰਾਹੀਂ ਫੈਲਦੀ ਹੈ। ਜਦੋਂ ਟੀਬੀ ਨਾਲ ਸੰਕਰਮਿਤ ਵਿਅਕਤੀ ਖੰਘਦਾ, ਛਿੱਕਦਾ ਜਾਂ ਜ਼ੋਰ ਨਾਲ ਬੋਲਦਾ ਹੈ, ਤਾਂ ਬੈਕਟੀਰੀਆ ਹਵਾ ਵਿਚ ਫੈਲ ਜਾਂਦੇ ਹਨ। ਜੇਕਰ ਕੋਈ ਸਿਹਤਮੰਦ ਵਿਅਕਤੀ ਉਸੇ ਹਵਾ ਵਿਚ ਸਾਹ ਲੈਂਦਾ ਹੈ, ਤਾਂ ਉਸਨੂੰ ਵੀ ਟੀਬੀ ਹੋ ਸਕਦੀ ਹੈ। ਟੀਬੀ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ। ਕਮਿਊਨਿਟੀ ਹੈਲਥ ਅਫਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਟੀਬੀ ਇਕ ਗੰਭੀਰ ਸੰਕਰਾਮਕ ਬਿਮਾਰੀ ਹੈ, ਜੋ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਂਦੀ ਹੈ। ਹਾਲਾਂਕਿ, ਇਹ ਬਿਮਾਰੀ ਪੂਰੀ ਤਰ੍ਹਾਂ ਇਲਾਜਯੋਗ ਹੈ ਅਤੇ ਇਸਨੂੰ ਰੋਕਿਆ ਵੀ ਜਾ ਸਕਦਾ ਹੈ, ਪਰ ਇਸ ਲਈ ਸਹੀ ਸਮੇਂ ’ਤੇ ਇਸਦੀ ਪਛਾਣ ਅਤੇ ਇਲਾਜ ਲਈ ਅੱਗੇ ਵਧਣਾ ਜ਼ਰੂਰੀ ਹੈ। ਕਮਿਊਨਿਟੀ ਹੈਲਥ ਅਫਸਰ ਨਰਿੰਦਰ ਸਿੰਘ ਨੇ ਦੱਸਿਆ ਕਿ 24 ਮਾਰਚ 1882 ਨੂੰ ਡਾ. ਰਾਬਰਟ ਕੋਚ ਨੇ ਟੀਬੀ ਦਾ ਕਾਰਨ ਬਣਨ ਵਾਲੇ ਮਾਇਕੋਬੈਕਟੀਰੀਅਮ ਟਿਊਬਰਕੁਲੋਸਿਸ ਬੈਕਟੀਰੀਆ ਦੀ ਭਾਲ ਕੀਤੀ ਸੀ। ਇਹ ਭਾਲ ਚਿਕਿਤਸਾ ਜਗਤ ਲਈ ਬਹੁਤ ਵੱਡੀ ਉਪਲਬਧੀ ਸੀ, ਕਿਉਂਕਿ ਇਸ ਨਾਲ ਟੀਬੀ ਦੇ ਇਲਾਜ ਦਾ ਰਸਤਾ ਖੁੱਲਿ੍ਹਆ। ਡਾ. ਕੋਚ ਦੀ ਇਸ ਇਤਿਹਾਸਕ ਭਾਲ ਦੀ ਯਾਦ ਵਿਚ 1982 ਵਿਚ ਵਿਸ਼ਵ ਸਿਹਤ ਸੰਸਥਾ ਅਤੇ ਇੰਟਰਨੈਸ਼ਨਲ ਯੂਨੀਅਨ ਅਗੇਨਸਟ ਟਿਊਬਰਕੁਲੋਸਿਸ ਐਂਡ ਲੰਗ ਡਿਜ਼ੀਜ਼ ਨੇ ਮਿਲਕੇ ਹਰ ਸਾਲ 24 ਮਾਰਚ ਨੂੰ ‘ਵਿਸ਼ਵ ਟੀਬੀ ਦਿਵਸ’ ਮਨਾਉਣ ਦਾ ਫੈਸਲਾ ਕੀਤਾ। ਕਮਿਊਨਿਟੀ ਹੈਲਥ ਅਫਸਰ ਨਰਿੰਦਰ ਸਿੰਘ ਵਲੋਂ ਲੋਕਾਂ ਨੁੰ ਟੀਬੀ ਦੇ ਆਮ ਲੱਛਣ ਬਾਰੇ ਵੀ ਜਾਗਰੂਕ ਕੀਤਾ ਗਿਆ ਜਿਵੇਂ ਕਿ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਲਗਾਤਾਰ ਖੰਘ ਰਹਿਣਾ, ਬਲਗਮ ਵਿਚ ਖੂਨ ਆਉਣਾ, ਵਜ਼ਨ ਘਟਣਾ, ਰਾਤ ਵਿਚ ਪਸੀਨਾ ਆਉਣਾ, ਤੇਜ਼ ਬੁਖਾਰ ਅਤੇ ਠੰਡ ਲੱਗਣਾ, ਭੁੱਖ ਨਾ ਲੱਗਣਾ ਆਦਿ। ਉਨ੍ਹਾਂ ਨੇ ਦੱਸਿਆ ਕਿ ਟੀਬੀ ਦੇ ਸਾਰੇ ਟੈਸਟ ਅਤੇ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਹੈ। ਇਸ ਸਮੇਂ ਆਯੁਸ਼ਮਾਨ ਅਰੋਗਆ ਕੇਂਦਰ ਦੀ ਸਮੂਹ ਟੀਮ ਜਿਸ ਵਿੱਚ ਗੁਰਜੰਟ ਸਿੰਘ ਮਲਟੀਪਰਪਜ ਹੈਲਥ ਵਰਕਰ, ਚਰਨਜੀਤ ਕੌਰ ਏ ਐਨ ਐਨ ਅਤੇ ਆਸ਼ਾ ਵਰਕਰ ਵੀਂ ਮੌਜੂਦ ਸਨ।



