
ਬਠਿੰਡਾ, 10 ਅਕਤੂਬਰ : ਸਥਾਨਕ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ’ਚ ‘ਆਪ’ ਦੇ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਂਝੇ ਤੌਰ ’ਤੇ ਸੂਬੇ ਭਰ ’ਚ 1184 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 3100 ਸਟੇਡੀਅਮਾਂ ਦੇ ਨੀਂਹ ਪੱਥਰ ਰੱਖਣ ਦੀ ਰਸਮੀ ਸ਼ੁਰੂਆਤ ਕੀਤੀ। ਬਾਦਲਾ ਦੇ ਗੜ੍ਹ ’ਚ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਮੁੱਖ ਰੱਖਦਿਆਂ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਗਿਆ। ਰੈਲੀ ’ਚ ਜ਼ਿਆਦਾਤਰ ਨੌਜਵਾਨ ਯੂਥ ਕਲੱਬ ਪੰਜਾਬ ਨਾਂ ਦੀਆਂ ਪਹਿਨੀਆਂ ਹੋਈਆਂ ਪੀਲੀਆਂ ਸ਼ਰਟਾਂ ’ਚ ਹੀ ਨਜ਼ਰ ਆਏ। ਰੈਲੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਰੈਲੀ ਕਾਰਨ ਚਾਰੇ ਪਾਸੇ ਜਾਮ ਲੱਗੇ ਵਿਖਾਈ ਦਿੱਤੇ। ਗਰਮੀ ਦੇ ਮੱਦੇਨਜ਼ਰ ਪੰਡਾਲ ’ਚ ਲੋਕਾਂ ਲਈ ਕੂਲਰਾਂ ਦਾ ਵਧੀਆਂ ਇੰਤਜ਼ਾਮ ਕੀਤਾ ਗਿਆ ਸੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇ਼ੇਡਾਂ ਨਾਲ ਜੁੜ ਕੇ ਨੌਜ਼ਵਾਨ ਭੈੜੀਆਂ ਅਲਾਮਤਾਂ ਤੋਂ ਬਚ ਜਾਣਗੇ ਤੇ ਉਹ ਖ਼ੇਡਾਂ ’ਚ ਤਰੱਕੀ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਚਾਰ ਖ਼ੇਡਾਂ ਦੋਨੋ ਕ੍ਰਿਕਟ ਦੀ ਟੀਮਾਂ, ਹਾਕੀ ਤੇ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਹਨ, ਹਾਕੀ ’ਚ 11 ’ਚੋਂ 9 ਖਿਡਾਰੀ ਪੰਜਾਬੀ ਹਨ ਜੋ ਪੰਜਾਬ ਲਈ ਬਣੇ ਮਾਣ ਦੀ ਗੱਲ ਹੈ। ਉਨ੍ਹਾਂ ਬਾਦਲਾਂ ਦਾ ਨਾਂ ਲਏ ਬਗੈਰ ਬਾਦਲ ਵਾਲੇ ਪਾਸੇ ਹੱਥ ਕਰਕੇ ਕਿਹਾ ਕਿ ਇਧਰ ਲਏ ਕਬੱਡੀ ਦਾ ਵਰਲਡ ਕੱਪ ਕਰਵਾਉਦੇ ਹੁੰਦੇ ਸੀ, ਅਦਾਕਾਰਾਂ ਨੂੰ ਤਾਂ ਕਰੋੜਾਂ ਰੁਪਏ ਦੇ ਦਿੱਤੇ ਜਾਂਦੇ ਸਨ ਪ੍ਰੰਤੂ ਜਿੱਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਰਕਮ ਨਸੀਬ ਨਹੀਂ ਹੁੰਦੀ ਸੀ, ਇਹ ਹਲਾਤ ਸਨ। ਸਾਨੂੰ ਪੰਜਾਬ ਨੂੰ ਦੁਬਾਰਾ ਪੰਜਾਬ ਹੀ ਬਣਾਉਣਾ ਪਵੇਗਾ ਅਸੀ ਲੰਡਨ, ਪੈਰਿਸ ਜਾ ਕੈਲੇਫੋਰਨੀਆਂ ਨਹੀਂ ਬਣਾਉਣਾ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ’ਬੋਲੇ ਸੋ ਨਿਹਾਲ’ ਦਾ ਜੈਕਾਰਾ ਲਗਾ ਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਬੜਾ ਇਤਿਹਾਸਕ ਹੈ। ਹਰ ਇਕ ਪਿੰਡ ’ਚ ਭਗਵੰਤ ਮਾਨ ਸਰਕਾਰ ਵੱਲੋਂ ਖ਼ੇਡ ਸਟੇਡੀਅਮ ਬਣਾਉਣ ਦੇ ਨਾਲ–ਨਾਲ ਖੇਡਾਂ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਖੇਡ ਸਟੇਡੀਅਮ ਵਧੀਆਂ ਬਣਾਉਣਾ ਇਸ ਦੀ ਜਿ਼ੰਮੇਵਾਰੀ ਯੂਥ ਕਲੱਬ ਦੀ ਹੈ, ਉਨ੍ਹਾਂ ਵੱਲੋਂ ਪੂਰੀ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਹੁਣ ਤਕ ਬਿਨ੍ਹਾਂ ਰਿਸ਼ਵਤ ਤੇ ਸਿਫਾਰਸ ਤੋਂ 55 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਇੰਨ੍ਹੀ ਵੱਡੀ ਗਿਣਤੀ ’ਚ ਸਰਕਾਰੀ ਨੌਕਰੀਆਂ ਕਾਂਗਰਸ ਤੇ ਅਕਾਲੀ ਸਰਕਾਰ ’ਚ ਨਹੀਂ ਦਿੱਤੀਆਂ ਗਈਆਂ, ਜਿਸ ਦਾ ਹੱਕ ਹੈ ਉਸ ਨੂੰ ਨੌਕਰੀ ਮਿਲ ਰਹੀ ਹੈ। ਨਸ਼ੇ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ–ਵੱਡੇ ਮਰਗਮੱਛਾਂ ਨੂੰ ਫੜ੍ਹ ਕੇ ਜੇਲ੍ਹਾ ’ਚ ਡੱਕਿਆ ਜਾ ਰਿਹਾ ਹੈ। ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਯੁੱਧ ਨਸਿ਼ਆ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ਼ ਸਾਹਮਣੇ ਆ ਰਹੇ ਹਨ।



