
ਖੰਨਾ, 16 ਜਨਵਰੀ- ਫ਼ਤਹਿਗੜ੍ਹ ਸਾਹਿਬ ਦੇ ਹਲਕੇ ਅਮਲੋਹ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ ’ਤੇ ਹੋਏ ਹਮਲੇ ਦੇ ਮਾਮਲੇ ’ਚ ਖੰਨਾ ਦੇ ਵਕੀਲਾਂ ਵੱਲੋਂ ਅੱਜ ਫਿਰ ਹੜਤਾਲ ਕੀਤੀ ਗਈ। ਹੁਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ 16 ਜਨਵਰੀ ਨੂੰ ਪੰਜਾਬ ਭਰ ਦੇ ਵਕੀਲ ਫਿਰ ਹੜਤਾਲ ’ਤੇ ਜਾਣਗੇ। ਬੁਧਵਾਰ ਨੂੰ ਵਕੀਲਾਂ ਦੀ ਹੜਤਾਲ ਕਰਕੇ ਖੰਨਾ ’ਚ ਅਦਾਲਤਾਂ ਦਾ ਕੰਮਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਹੜਤਾਲ ਕਾਰਨ ਰੋਜ਼ਾਨਾ 500 ਤੋਂ ਵੱਧ ਕੇਸਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ, ਸੀਨੀਅਰ ਵਕੀਲ ਜਗਜੀਤ ਸਿੰਘ ਔਜਲਾ ਤੇ ਸੀਨੀਅਰ ਵਕੀਲ ਪਰਮਜੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਸਨ ਸਿੰਘ ਦੀ ਭਰਜਾਈ ਨਗਰ ਕੌਂਸਲ ਚੋਣਾਂ ’ਚ ਉਮੀਦਵਾਰ ਸਨ। ਚੋਣਾਂ ਦੌਰਾਨ ਜਦੋਂ ਐਡਵੋਕੇਟ ਹਸਨ ਸਿੰਘ ਮੌਕੇ ’ਤੇ ਸਨ ਤਾਂ ਵਿਧਾਇਕ ਦੇ ਭਰਾ ਵੱਲੋਂ ਵਕੀਲ ‘ਤੇ ਹਮਲਾ ਕੀਤਾ ਗਿਆ। ਰਿਵਾਲਵਰ ਦਾ ਬੱਟ ਵਕੀਲ ਦੇ ਸਿਰ ’ਚ ਮਾਰਿਆ ਤੇ ਨਾਲ ਹੀ ਹਮਲਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ। ਜਿਸ ਤੋਂ ਬਾਅਦ ਐਡਵੋਕੇਟ ਹਸਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਡੀਜੀਪੀ ਪੰਜਾਬ ਨੂੰ ਪੱਤਰ ਵੀ ਲਿਖਿਆ ਗਿਆ ਸੀ। ਐੱਸਐੱਸਪੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਵੀ ਵਕੀਲਾਂ ਦਾ ਵਫ਼ਦ ਮਿਲਿਆ ਸੀ। ਐਸਐਸਪੀ ਨੇ ਦੋ-ਤਿੰਨ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਹਾਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।



