
ਲੁਧਿਆਣਾ, 16 ਜਨਵਰੀ– ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ਾ ਕਰ ਰਹੇ ਇਕ ਨੌਜਵਾਨ ਨੇ ਪਿੰਡ ਵਾਲਿਆਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ । ਜਿਵੇਂ ਹੀ ਨੌਜਵਾਨ ਨੇ ਟਰੀਗਰ ਦਬਾਇਆ ਤਾਂ ਗੋਲੀ ਮੈਗਜ਼ੀਨ ਵਿੱਚ ਫਸ ਗਈ, ਜਿਸ ਕਾਰਨ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ। ਪਿੰਡ ਵਾਲਿਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਅਤੇ ਉਸਦਾ ਅਸਲਾ ਵੀ ਜਬਤ ਕਰਵਾ ਦਿੱਤਾ। ਲੋਕਾਂ ਨੇ ਸ਼ੱਕੀ ਵਿਅਕਤੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ । ਰੂਹਾਂ ਨੇ ਜਾਣਕਾਰੀ ਦਿੰਦਿਆਂ ਪਿੰਡ ਦੇ ਹੀ ਰਹਿਣ ਵਾਲੇ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਪਿੰਡ ਦੇ ਹੀ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਸੀ। ਪਿੰਡ ਵਾਲਿਆਂ ਦੇ ਮੁਤਾਬਕ ਨੌਜਵਾਨ ਦੀ ਮੌਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਫ ਹੋ ਸਕੇਗਾ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਲਿਆਂ ਨੇ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਕਰਨ ਲਈ ਇਲਾਕੇ ਵਿੱਚ ਗਸ਼ਤ ਕਰਨੀ ਸ਼ੁਰੂ ਕੀਤੀ । ਤਲਵੰਡੀ ਕਲਾਂ ਦੇ ਪਿੰਡ ਵਾਸੀ ਬੁਧਵਾਰ ਨੂੰ ਵੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਇਸੇ ਦੌਰਾਨ ਉਹਨ੍ਾਂ ਨੇ ਇੱਕ ਨੌਜਵਾਨ ਨੂੰ ਨਸ਼ਾ ਕਰਦੇ ਦੇਖਿਆ। ਪਿੰਡ ਵਾਲਿਆਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਨੌਜਵਾਨ ਨੇ ਹਥਿਆਰ ਕੱਢਿਆ ਅਤੇ ਗੋਲੀ ਚਲਾ ਦਿੱਤੀ । ਗੋਲੀ ਮੈਗਜ਼ੀਨ ਵਿੱਚ ਹੀ ਫਸ ਗਈ ਜਿਸ ਕਾਰਨ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ । ਸੂਤਰਾਂ ਦਾ ਕਹਿਣਾ ਹੈ ਕਿ ਕਥਿਤ ਨੌਜਵਾਨ ਹਾਲ ਹੀ ਵਿੱਚ ਜੇਲ ਤੋਂ ਜਮਾਨਤ ਤੇ ਬਾਹਰ ਆਇਆ ਸੀ । ਹੁਣ ਪੁਲਿਸ ਮੁਲਜਮ ਕੋਲੋਂ ਪੁੱਛਗਿਛ ਕਰ ਰਹੀ ਹੈ ਕਿ ਉਹ ਨਸ਼ਾ ਤਸਕਰੀ ਵਿੱਚ ਸ਼ਾਮਿਲ ਹੈ ਜਾਂ ਨਹੀਂ । ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਨਜਾਇਜ਼ ਅਸਲਾ ਕਿੱਥੋਂ ਲੈ ਕੇ ਆਇਆ ਸੀ।



