
ਫ਼ਿਰੋਜ਼ਪੁਰ, 6 ਫਰਵਰੀ (ਬਾਲ ਕਿਸ਼ਨ)– ਮਖੂ ਦੇ ਅਧੀਨ ਆਉਂਦੇ ਪਿੰਡ ਖਡੂਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਜਿੰਦਰੇ ਤੋੜ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਇਨਵੈਰਟਰ ਬੈਟਰਾ, ਮਨੀਟਰ, ਸੀਪੀਯੂ, ਦੋ ਗੈਸ ਸਿਲੰਡਰ, ਦੋ ਚੁੱਲੇ, ਮਿਡ ਡੇ ਮੀਲ ਦਾ ਸਮਾਨ, ਛੋਟੇ ਤੇ ਵੱਡੇ ਬਰਤਨ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਖੂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 331 (4), 305 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਸ਼ਾਲ ਕੁਮਾਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਖਡੂਰ ਬਲਾਕ ਮਖੂ ਨੇ ਦੱਸਿਆ ਕਿ ਮਿਤੀ 17 ਨਵੰਬਰ 2024 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲ ਦੇ ਰੂਮ ਦਫਤਰ ਅਤੇ ਰਸੋਈ ਦੇ ਜਿੰਦਰੇ ਤੋੜ ਕੇ ਇਨਵੈਰਟਰ ਬੈਟਰਾ, ਮਨੀਟਰ, ਸੀਪੀਯੂ, ਦੋ ਗੈਸ ਸਿਲੰਡਰ, ਦੋ ਚੁੱਲੇ ਮਿਡ ਡੇ ਮੀਲ ਦਾ ਸਮਾਨ, ਛੋਟੇ ਤੇ ਵੱਡੇ ਬਰਤਨ ਆਦਿ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



