
ਬਠਿੰਡਾ, 4 ਜੂਨ 2025: ਇਹ ਸਿਹਤ ਵਿਭਾਗ ਬਠਿੰਡਾ ਦੀ ਭਲੇਮਾਣਸੀ ਹੈ ਜਾਂ ਫਿਰ ਆਪਣੀ ਜਿੰਮੇਵਾਰੀ ਨੂੰ ਅਣਗੌਲਿਆ ਕਰਨ ਦੀ ਨੀਤੀ ਬਠਿੰਡਾ ’ਚ ਪਹਿਲੀ ਜਨਵਰੀ 2025 ਤੋਂ 3 ਅਪ੍ਰੈਲ ਤੱਕ ਸਿਰਫ 188 ਵਿਅਕਤੀਆਂ ਨੇ ਸਿਗਰਟਾਂ ਬੀੜੀਆਂ ਪੀਤੀਆਂ ਹਨ ਜਦੋਂਕਿ ਹਕੀਕਤ ਇਸ ਦੇ ਉਲਟ ਦਿਖਾਈ ਦਿੰਦੀ ਹੈ। ਇਹ ਸਿਹਤ ਵਿਭਾਗ ਦੇ ਅੰਕੜੇ ਹਨ ਇੰਨ੍ਹਾਂ ਲੋਕਾਂ ਦੇ ਚਲਾਨ ਕਰਕੇ 3430 ਰਪਏ ਜੁਰਮਾਨਾ ਵਸੂਲਿਆ ਗਿਆ ਹੈ। ਕੁੱਝ ਦਿਨ ਪਹਿਲਾਂ ਮਨਾਏ ਕੌਮਾਂਤਰੀ ਤੰਬਾਕੂ ਵਿਰੋਧੀ ਦਿਵਸ ਮੌਕੇ ਵੀ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਮ ਹੇਠ ਫੋਟੋਆਂ ਖਿਚਾਵਾਉਣ ਤੇ ਪ੍ਰੈਸ ਬਿਆਨ ਜਾਰੀ ਕਰਨ ਤੱਕ ਹੀ ਸੀਮਤ ਰਿਹਾ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮਰਜੀ ਦੇਖ ਲਵੋਂ ਬਠਿੰਡਾ ਸ਼ਹਿਰ ’ਚ ਚਾਰ ਚੁਫੇਰੇ ਹਰ ਵਕਤ ਸਿਗਰਟਾਂ ਤੇ ਬੀੜੀਆਂ ਦਾ ਧੂੰਆਂ ਉੱਠਦਾ ਰਹਿੰਦਾ ਹੈ ਪਰ ਸਿਹਤ ਵਿਭਾਗ ਨੇ ਜਨਤਕ ਤੌਰ ਤੇ ਲੱਗਦੇ ਇੰਨ੍ਹਾਂ ਸੂਟਿਆਂ ਤੋਂ ਪੂਰੀ ਤਰਾਂ ਪਾਸਾ ਵੱਟਿਆ ਹੋਇਆ ਹੈ। ਸਾਲ 2024 ਦੌਰਾਨ ਸਿਹਤ ਵਿਭਾਗ ਨੇ ਸਿਗਰਟ ਪੀਣ ਵਾਲੇ 820 ਵਿਅਕਤੀਆਂ ਦੀ ਸ਼ਿਨਾਖਤ ਕੀਤਾ ਜਿੰਨ੍ਹਾਂ ਤੋਂ 19 ਹਜ਼ਾਰ 840 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ। ਸਾਲ 2023 ਦੌਰਾਨ 618 ਵਿਅਕਤੀਆਂ ਦੇ ਚਲਾਨਾਂ ਤੋਂ 19 ਹਜ਼ਾਰ 470 ਰੁਪਏ ਦੀ ਵਸੂਲੀ ਹੋਈ ਹੈ। ਸਾਲ 2022 ਦੌਰਾਨ ਸਿਹਤ ਵਿਭਾਗ ਨੂੰ 729 ਵਿਅਕਤੀ ਸਿਗਰਟਾਂ ਪੀਂਦੇ ਦਿਖਾਈ ਦਿੱਤੇ ਜਿੰਨ੍ਹਾਂ ਨੂੰ 24 ਹਜ਼ਾਰ 920 ਰੁਪਏ ਜੁਰਮਾਨਾ ਲਾਇਆ ਗਿਆ। ਸਾਲ 2021 ਦੌਰਾਨ 540 ਵਿਅਕਤੀਆਂ ਤੋਂ 19 ਹਜ਼ਾਰ 290 ਰੁਪਏ ਜੁਰਮਾਨਾ ਵਸੂਲਿਆ ਗਿਆ। ਇਹ ਹੈ ਸਿਹਤ ਵਿਭਾਗ ਬਠਿੰਡਾ ਦੀ ਕਾਰਗੁਜ਼ਾਰੀ ਜਦੋਂਕਿ ਅਸਲੀਅਤ ਇਹ ਹੈ ਕਿ ਸ਼ਹਿਰ ਦਾ ਕੋਈ ਵੀ ਕੋਨਾ ਸਿਗਰਟਾਂ ਦੇ ਛੱਲਿਆਂ ਤੋਂ ਬਚ ਨਹੀਂ ਸਕਿਆ ਹੈ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵੀ ਬੀੜੀਆਂ-ਸਿਗਰਟਾਂ ਦੇ ਟੋਟੇ ਦੇਖਣ ਨੂੰ ਮਿਲਦੇ ਹਨ। ਇੱਥੇ ਹੀ ਬੱਸ ਨਹੀਂ ਤੰਬਾਕੂ ਵਿਰੋਧੀ ਐਕਟ ਦੀਆਂ ਧੱਜੀਆਂ ਉਡਾਕੇ ਅਜਿਹੀਆਂ ਥਾਵਾਂ ਤੇ ਦੁਕਾਨਾਂ ਚੱਲ ਰਹੀਆਂ ਹਨ ਜਿੱਥੇ ਪੂਰਨ ਤੌਰ ਤੇ ਮਨਾਹੀ ਹੈ। ਇਸ ਪੱਤਰਕਾਰ ਵੱਲੋਂ ਲਏ ਸ਼ਹਿਰ ਦੇ ਜਾਇਜੇ ਦੌਰਾਨ ਸਾਹਮਣੇ ਆਇਆ ਹੈ ਕਿ ਬੱਸ ਅੱਡਾ, ਰੇਲਵੇ ਸਟੇਸ਼ਨ, ਬਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਤੇ ਬੇਖੌਫ ਢੰਗ ਨਾਲ ਸਿਗਰਟਾਂ ਬੀੜੀਆਂ ਅਤੇ ਤੰਬਾਕੂ ਪਦਾਰਥਾਂ ਦੀ ਵਰਤੋਂ ਦਾ ਸਿਲਸਿਲਾ ਬੇਰੋਕ ਟੋਕ ਜਾਰੀ ਹੈ । ਰੌਚਕ ਪਹਿਲੂ ਇਹ ਵੀ ਹੈ ਕਿ ਜਿੰਨੇ ਵਿਅਕਤੀ ਸਿਹਤ ਵਿਭਾਗ ਨੂੰ ਤਿੰਨ ਮਹੀਨਿਆਂ ਦੌਰਾਨ ਸੂਟੇ ਲਾਉਂਦੇ ਨਜ਼ਰ ਆਏ ਉਸਤੋਂ ਵੱਧ ਸਿਗਰਟਾਂ ਤਾਂ ਇਕੱਲੇ ਸ਼ਹਿਰ ਅੰਦਰ ਸਿਰਫ 10 ਮਿੰਟਾਂ ਵਿੱਚ ਪੀ ਲਈਆਂ ਜਾਂਦੀਆਂ ਹਨ। ਮਹਾਂਨਗਰ ਬਠਿੰਡਾ ਦਾ ਬੱਸ ਅੱਡਾ ਸੂਟੇ ਲਾਉਣ ਵਾਲਿਆਂ ਲਈ ਸਵਰਗ ਬਣਿਆ ਹੋਇਆ ਹੈ। ਇੱਥੇ ਝਾਤੀ ਮਾਰਿਆਂ ਇੱਕੋ ਸਮੇਂ ਬੱਸ ਅੱਡੇ ਦੇ ਮੁੱਖ ਗੇਟ ਤੋਂ ਛੋਟੇ ਗੇਟ ਤੱਕ ਦੇ ਰਕਬੇ ਵਿੱਚ 32 ਵਿਅਕਤੀ ਸਿਗਰਟਾਂ ਬੀੜੀਆਂ ਦੇ ਕਸ਼ ਲਾਉਂਦੇ ਨਜ਼ਰ ਆਏ। ਇੰਨ੍ਹਾਂ ਲੋਕਾਂ ਵਿੱਚ ਹਰਿਆਣਾ ਰਾਜ ਟਰਾਂਸਪੋਰਟ ਦੇ 5, ਪੰਜਾਬ ਦੀ ਸਰਕਾਰੀ ਬੱਸ ਸੇਵਾ ਦੇ 4 ਅਤੇ ਵਿਦਿਆਰਥੀਆਂ ਵਾਂਗ ਦਿਸਣ ਵਾਲੇ 9 ਗੱਭਰੂ ਸ਼ਾਮਲ ਸਨ।
ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਇਲਾਕੇ ’ਚ ਸਿਗਰਟਾਂ ਪੀਣ ਦਾ ਕੰਮ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਜਾਰੀ ਰਹਿੰਦਾ ਹੈ। ਦੂਸਰਾ ਸਥਾਨ ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਦਾ ਹੈ ਜਿੱਥੇ ਰੇਲਾਂ ਦੀ ਆਵਾਜਾਈ ਮੁਤਾਬਿਕ ਸਿਗਰਟਾਂ ਦੇ ਸ਼ੌਕੀਨਾਂ ਦੀ ਗਿਣਤੀ ਵਧਦੀ-ਘਟਦੀ ਰਹਿੰਦੀ ਹੈ। ਰੇਲਵੇ ਸਟੇਸ਼ਨ ਤੇ ਸ਼ਾਮ 6 ਵਜੇ ਤੋਂ ਰਾਤ ਦੇ 11 ਵਜੇ, ਬਾਅਦ ਦੁਪਹਿਰ 1 ਵਜੇ ਤੋਂ 3 ਵਜੇ ਅਤੇ ਸਵੇਰ ਸਮੇਂ 9 ਵਜੇ ਤੱਕ ਸਿਗਰਟਾਂ ਦੇ ਛੱਲੇ ਜਿਆਦਾ ਨਜ਼ਰੀ ਪੈਂਦੇ ਹਨ। ਇਸ ਮਾਮਲੇ ’ਚ ਜਿੰਨ੍ਹਾਂ ਹੋਰ ਪ੍ਰਭਾਵਿਤ ਖੇਤਰਾਂ ਦੀ ਸ਼ਨਾਖਤ ਹੋਈ ਹੈ ਉਹਨਾਂ ਵਿੱਚ ਸ਼ਹਿਰ ਦੀ ਮਾਲ ਰੋਡ, ਫਾਇਰ ਬ੍ਰਿਗੇਡ ਚੌਂਕ, ਲਾਈਨੋਂ ਪਾਰ ਇਲਾਕਾ, ਧੋਬੀਆਣਾ ਬਸਤੀ, ਬੇਅੰਤ ਨਗਰ , ਜੰਤਾ ਨਗਰ, ਸਬਜੀ ਅਤੇ ਦਾਣਾ ਮੰਡੀ ਤੋਂ ਇਲਾਵਾ ਸ਼ਹਿਰ ਦਾ ਸਿਵਲ ਹਸਪਤਾਲ ਵੀ ਸ਼ਾਮਲ ਹੈ ਜਿਸ ਦੀ ਜਿੰਮੇਵਾਰੀ ਸਿਗਰਟਨੋਸ਼ੀ ਨੂੰ ਰੋਕਣ ਦੀ ਤੈਅ ਕੀਤੀ ਗਈ ਹੈ। ਜਿਲ੍ਹਾ ਪ੍ਰਬੰਧਕੀ ’ਚ ਇੱਕ ਪੁਲਿਸ ਮੁਲਾਜਮ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਦੋ ਮੁਲਾਜਮਾਂ ਨੂੰ ਸਿਗਰਟ ਪੀਂਦੇ ਦੇਖਿਆ ਗਿਆ ਜਿਨ੍ਹਾਂ ਨੇ ਕੈਮਰੇ ਦੀ ਅੱਖ ਤੋਂ ਬਚਣ ਲਈ ਝੱਟ ਸਿਗਰੇਟਾਂ ਛੁਪਾ ਲਈਆਂ। ਸੂਤਰ ਦੱਸਦੇ ਹਨ ਕਿ ਸਿਹਤ ਅਧਿਕਾਰੀ ਮਹਿਜ ਲੀਪਾ ਪੋਤੀ ਕਰਨ ਲਈ ਕਦੇ ਕਦਾਈਂ ਚਲਾਨ ਕਰਕੇ ਸਰਕਾਰੀ ਕਿਤਾਬਾਂ ਦਾ ਢਿੱਡ ਭਰਦੇ ਅਤੇ ਅਖਬਾਰਾਂ ਦਾ ਸ਼ਿੰਗਾਰ ਬਣਨ ਨੂੰ ਤਰਜੀਹ ਦਿੰਦੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕੁੱਝ ਕਰਮਚਾਰੀਆਂ ਨੇ ਮੰਨਿਆ ਕਿ ਹੋਰ ਕੰਮ ਤੋਂ ਵਿਹਲ ਮਿਲੇ ਤਾਂ ਉਹ ਇਸ ਤਰਫ ਧਿਆਨ ਦੇਣ। ਉਹਨਾਂ ਕਿਹਾ ਕਿ ਸਟਾਫ ਦੀ ਘਾਟ ਵੀ ਇਸ ਮਾਮਲੇ ’ਚ ਆੜੇ ਆ ਰਹੀ ਹੈ । ਸਮਾਜ ਸੇਵੀ ਸੰਸਥਾ ਨੌਜੁਆਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਮਾਮਲਾ ਟੈਕਸਾਂ ਦੀ ਉਗਰਾਹੀ ਨਾਲ ਜੁੜਿਆ ਹੋਣ ਕਰਕੇ ਵੀ ਸਿਗਰਟਨੋਸ਼ੀ ਤੇ ਮੁਕੰਮਲ ਰੋਕ ਨਹੀਂ ਲਾਈ ਜਾ ਰਹੀ ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।
ਸਖਤ ਹਦਾਇਤਾਂ ਜਾਰੀ: ਸਿਵਲ ਸਰਜਨ
ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦਾ ਕਹਿਣਾ ਸੀ ਕਿ ਉਹ ਇਸ ਸਬੰਧ ਵਿੱਚ ਨੋਡਲ ਅਫਸਰ ਨੂੰ ਸਖਤੀ ਵਧਾਉਣ ਅਤੇ ਚਲਾਨ ਕੱਟਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਾਰੀਆਂ ਨੂੰ ਇਸ ਮੁਹਿੰਮ ਤਹਿਤ ਸੰਜੀਦਗੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।



