SAD ’ਚੋਂ ਕੱਢੇ ਵਿਰਸਾ ਸਿੰਘ ਵਲਟੋਹਾ ਨੇ ਸੌਂਪਿਆ ਬੇਨਤੀ ਪੱਤਰ, ਜਥੇਦਾਰ ਗੜਗੱਜ ਨੂੰ ਉਨ੍ਹਾਂ ਵਿਰੁੱਧ ਲਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਅੰਮ੍ਰਿਤਸਰ, 28 ਮਈ- ਗਿਆਨੀ ਹਰਪ੍ਰੀਤ ਸਿੰਘ ਨਾਲ ਵਿਵਾਦ ਕਾਰਨ 15 ਅਕਤੂਬਰ 2024 ’ਚ ਸ਼੍ਰੋਮਣੀ ਅਕਾਲੀ ਦਲ ’ਚੋਂ 10 ਸਾਲਾਂ ਲਈ ਕੱਢੇ ਗਏ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਵਿਰੁੱਧ ਲਏ ਗਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚੇ ਵਲਟੋਹਾ ਨੇ ਇੰਚਾਰਜ ਬਗੀਚਾ ਸਿੰਘ ਨੂੰ ਆਪਣਾ ਬੇਨਤੀ ਪੱਤਰ ਸੌਂਪਿਆ। ਇਸ ਪੱਤਰ ’ਚ ਪ੍ਰੋ. ਵਲਟੋਹਾ ਨੇ ਲਿਖਿਆ ਕਿ 15 ਅਕਤੂਬਰ 2024 ਨੂੰ ਉਨ੍ਹਾਂ ਦੇ ਸਬੰਧ ’ਚ ਪਾਸ ਕੀਤੇ ਗਏ ਆਦੇਸ਼ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਵਲਟੋਹਾ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਅੰਮ੍ਰਿਤਧਾਰੀ ਹਨ। ਸਿੱਖ ਸਿਧਾਂਤਾਂ ਤੇ ਨੈਤਿਕਤਾ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਕਦੇ ਵੀ ਕੋਈ ਅਜਿਹਾ ਅਪਰਾਧ ਨਹੀਂ ਕੀਤਾ ਜੋ ਧਾਰਮਿਕ ਜਾਂ ਨਾਗਰਿਕ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੋਵੇ। ਫਿਰ ਵੀ ਇਕ ਭੁੱਲਣਹਾਰ ਸਿੱਖ ਹੋਣ ਦੇ ਨਾਤੇ, ਮੈਂ ਗੁਰੂ ਪੰਥ ਤੋਂ ਆਪਣੀ ਹਰ ਗਲਤੀ ਲਈ ਮਾਫ਼ੀ ਮੰਗਦਾ ਹਾਂ, ਭਾਵੇਂ ਉਹ ਜਾਣਬੁੱਝ ਕੇ ਹੋਵੇ ਜਾਂ ਅਣਜਾਣੇ ’ਚ ਹੋ ਗਈ ਹੋਵੇ। ਵਲਟੋਹਾ ਨੇ ਜਥੇਦਾਰ ਨੂੰ ਲਿਖਿਆ ਕਿ ਮੈਂ ਤੁਹਾਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਭਵਿੱਖ ’ਚ ਤੁਹਾਨੂੰ ਮੇਰੇ ਵਲੋਂ ਸ਼ਿਸ਼ਟਾਚਾਰ, ਗੁਰਮਤਿ ਅਤੇ ਸਿਧਾਂਤਾਂ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੇਗੀ।



