ਮੁਲਾਜ਼ਮ ਬੀਬੀ ਨਾਲ ਕੁਕਰਮ ਮਾਮਲੇ ’ਚ ਦਿੱਲੀ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ, ਕਿਹਾ-ਦੋਸ਼ੀ ਮੁਲਾਜ਼ਮ ਨੂੰ ਮੌਕੇ ’ਤੇ ਕਰ ਦਿੱਤਾ ਗਿਆ ਸੀ ਸਸਪੈਂਡ

ਅੰਮ੍ਰਿਤਸਰ, 28 ਮਈ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪਹੁੰਚ ਕੇ ਗੁਰੂ ਘਰ ਦੀ ਹਦੂਦ ਅੰਦਰ ਮੁਲਾਜ਼ਮ ਵੱਲੋਂ ਮੁਲਾਜ਼ਮ ਬੀਬੀ ਨਾਲ ਕੀਤੇ ਕੁਕਰਮ ਦੇ ਮਾਮਲੇ ’ਚ ਜਥੇਦਾਰ ਨੂੰ ਸਪੱਸ਼ਟੀਕਰਨ ਦਿੱਤਾ। ਮੈਂਬਰ ਭੁਪਿੰਦਰ ਸਿੰਘ ਭੁੱਲਰ ਤੇ ਹੋਰਨਾਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਗ਼ਲਤੀ ਕਰਨ ਵਾਲੇ ਮੁਲਾਜ਼ਮ ਨੂੰ ਮੌਕੇ ’ਤੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋ ਵੱਲੋਂ ਸਸਪੈਂਡ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੜਤਾਲੀਆ ਕਮੇਟੀ ਦੀ ਰਿਪੋਰਟ ਤੋਂ ਬਾਅਦ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ’ਚ ਗ਼ਲਤ ਕੰਮ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਿਸਾਲੀ ਸਜਾ ਦਿੱਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ 21 ਮਈ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਮੁਲਾਜ਼ਮ ਦੇ ਮਾਮਲੇ ਨੂੰ ਵਿਚਾਰਿਆ ਗਿਆ ਸੀ। ਇਸ ਮੁਲਾਜ਼ਮ ਦੇ ਖ਼ਿਲਾਫ਼ ਗੁਰੂ ਘਰ ਦੀ ਹਦੂਦ ਅੰਦਰ ਇਕ ਮੁਲਾਜ਼ਮ ਬੀਬੀ ਨਾਲ ਕੀਤੇ ਕੁਕਰਮ/ਵਿਭਚਾਰ ਦਾ ਮਾਮਲਾ ਵਿਚਾਰਨ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਸ ਵੱਲੋਂ ਕੀਤੇ ਗਏ ਇਸ ਗ਼ੁਨਾਹ ਨਾਲ ਗੁਰੂ ਘਰ ਦੀ ਮਰਿਆਦਾ ਤੇ ਅਕਸ਼ ਨੂੰ ਵੱਡੀ ਢਾਅ ਲੱਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲਾ ਵਿਚ ਕੀਤੀ ਕਾਰਵਾਈ ਦੀ ਸਮੁੱਚੀ ਵਿਸਥਾਰਤ ਰਿਪੋਰਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਭੇਜਣ ਦਾ ਆਦੇਸ਼ ਕੀਤਾ ਸੀ।



