Punjab

PSPCL ਲਈ ਰਾਹਤ ਭਰਿਆ ਰਿਹਾ ਝੋਨੇ ਦੀ ਲੁਆਈ ਦਾ ਪਹਿਲਾ ਦਿਨ, ਬਿਜਲੀ ਦੀ ਮੰਗ ਘਟੀ

ਪਟਿਆਲਾ, 2 ਜੂਨ : ਸੂਬਾ ਸਰਕਾਰ ਵਲੋਂ ਇਕ ਜੂਨ ਤੋ ਝੋਨੇ ਦੀ ਲੁਆਈ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਖੇਤੀਬਾੜੀ ਖੇਤਰ ਵਿਚ ਵੀ ਬਿਜਲੀ ਸਪਲਾਈ ਸ਼ੁਰੂ ਹੋਈ ਹੈ ਪਰ ਪਹਿਲੇ ਦਿਨ ਇਸਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਸ਼ਨੀਵਾਰ ਹੋਈ ਬਰਸਾਤ ਨਾਲ ਬਦਲੇ ਮੌਸਮ ਕਰਕੇ ਝੋਨੇ ਦੀ ਲੁਆਈ ਦੇ ਪਹਿਲੇ ਦਿਨ ਪੀਐਸਪੀਸੀਐਲ ਨੂੰ ਕਾਫੀ ਰਾਹਤ ਮਿਲੀ ਹੈ। ਐਤਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ ਕਰੀਬ 9700 ਮੈਗਾਵਾਟ ਦਰਜ ਕੀਤੀ ਗਈ ਹੈ ਜੋਕਿ ਪਿਛਲੇ ਦਿਨਾਂ ਨਾਲੋਂ ਕਰੀਬ 4800 ਮੈਗਾਵਾਟ ਤੱਕ ਘਟ ਰਹੀ ਹੈ। ਦੱਸਣਾ ਬਣਦਾ ਹੈ ਕਿ ਮਈ ਮਹੀਨੇ ਚ ਵੱਧ ਤੋਂ ਵੱਧ ਬਿਜਲੀ ਮੰਗ 14500 ਮੈਗਾਵਾਟ ਵੀ ਟੱਪ ਗਈ ਸੀ। ਸਰਕਾਰੀ ਤੇ ਨਿੱਜੀ ਪਲਾਂਟ, ਹਾਈਡਰੋ ਤੇ ਹੋਰ ਸਰੋਤਾਂ ਤੋਂ ਕੁੱਲ ਕਰੀਬ ਚਾਰ ਹਜਾਰ ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ। ਬਿਜਲੀ ਦੀ ਮੰਗ ਘੱਟ ਰਹਿਣ ਦਾ ਅਹਿਮ ਕਾਰਣ ਸਰਕਾਰੀ ਦਫਤਰ ਤੇ ਵਿਦਿਅਕ ਅਦਾਰੇ ਬੰਦ ਹੋਣਾ ਵੀ ਮੰਨਿਆ ਜਾ ਰਿਹਾ ਹੈ। ਦੁਪਹਿਰ ਢਾਈ ਵਜੇ ਬਿਜਲੀ ਦੀ ਮੰਗ 9500 ਮੈਗਾਵਾਟ ਰਹੀ ਹੈ। ਇਸ ਦੌਰਾਨ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ, ਹਾਈਡਰੋ ਤੇ ਆਪਣੇ ਹੋਰ ਵਸੀਲਿਆਂ ਤੋਂ 3500 ਮੈਗਾਵਾਟ ਦੇ ਕਰੀਬ ਬਿਜਲੀ ਹਾਸਿਲ ਹੋਈ ਤੇ ਬਾਕੀ ਸਪਲਾਈ ਪੂਰੀ ਕਰਨ ਲਈ ਬਾਹਰੀ ਸ੍ਰੋਤਾਂ ਤੇ ਨਿਰਭਰ ਰਹਿਣਾ ਪਿਆ ਹੈ। ਐਤਵਾਰ ਦੁਪਹਿਰ 840 ਸਮਰੱਥਾ ਵਾਲੇ ਰੋਪੜ ਪਲਾਂਟ ਤੋਂ ਉਤਪਾਦਨ 454 ਮੈਗਾਵਾਟ ਹੋਇਆ ਤੇ ਇਸਦੇ ਚਾਰ ਚੋਂ ਇਕ ਯੂਨਿਟ ਬੰਦ ਰਿਹਾ। 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁੱਹਬਤ ਪਲਾਂਟ ਤੋਂ 442 ਮੈਗਾਵਾਟ ਬਿਜਲੀ ਮਿਲੀ ਤੇ ਇਸਦੇ ਚਾਰ ਚੋਂ ਇਕ ਯੂਨਿਟ ਬੰਦ ਰਿਹਾ। 440 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਤੋਂ 302 ਮੈਗਾਵਾਟ ਬਿਜਲੀ ਹਾਸਿਲ ਹੋਈ। ਇਸੇ ਤਰਾਂ ਨਿੱਜੀ ਥਰਮਲਾ ਵਿੱਚੋਂ ਰਾਜਪੁਰਾ ਸਥਿਤ ਪਲਾਂਟ ਤੋਂ 1400 ਚੋਂ 660 ਮੈਗਾਵਾਟ, ਤਲਵੰਡੀ ਸਾਬੋ ਪਲਾਂਟ ਤੋਂ 1980 ਚੋਂ 945 ਮੈਗਾਵਾਟ ਬਿਜਲੀ ਹਾਸਿਲ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button