Punjab

NIA ਵੱਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ, ਦੋ ਨੂੰ ਕਲੀਨ ਚਿੱਟ

ਐੱਸਏਐੱਸ ਨਗਰ, 24 ਅਕਤੂਬਰ : ਕੌਮੀ ਜਾਂਚ ਏਜੰਸੀ ਨੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ‘ਤੇ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਾਂਚ ਦੌਰਾਨ ਕੋਈ ਠੋਸ ਸਬੂਤ ਨਾ ਮਿਲਣ ‘ਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਵੀਰਵਾਰ ਨੂੰ ਇਸ ਮਾਮਲੇ ਦੀ ਅਦਾਲਤ ’ਚ ਸੁਣਵਾਈ ਹੋਈ, ਜਿਸ ਦੌਰਾਨ ਗਵਾਹਾਂ ਦੀ ਸੁਰੱਖਿਆ ਨੂੰ ਲੈ ਕੇ ਐੱਨਆਈਏ ਦੀ ਅਰਜ਼ੀ ‘ਤੇ ਵੀ ਵਿਚਾਰ ਕੀਤਾ ਗਿਆ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 10 ਨਵੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ। ਮਾਮਲੇ ਅਨੁਸਾਰ ਬੀਤੀ 7 ਤੇ 8 ਅਪ੍ਰੈਲ ਦੀ ਰਾਤ ਕਰੀਬ 1 ਵਜੇ ਕੁਝ ਅਣਪਛਾਤਿਆਂ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ਦੇ ਮੁੱਖ ਗੇਟ ਦੇ ਬਾਹਰ ਗ੍ਰਨੇਡ ਸੁੱਟਿਆ ਸੀ। ਗ੍ਰਨੇਡ ਗੇਟ ਨੇੜੇ ਡਿੱਗਾ, ਜਿਸ ਨਾਲ ਗੇਟ ਤੇ ਇਕ ਇਨੋਵਾ ਕਾਰ ਨੂੰ ਨੁਕਸਾਨ ਪਹੁੰਚਿਆ ਸੀ। ਘਟਨਾ ਮਗਰੋਂ ਸਬੰਧਤ ਥਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਮੁੱਢਲੀ ਜਾਂਚ ’ਚ ਛੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਬਾਅਦ ’ਚ ਐੱਨਆਈਏ ਨੇ ਜਾਂਚ ਆਪਣੇ ਹੱਥ ’ਚ ਲੈ ਲਈ। ਨਤੀਜੇ ਵਜੋਂ ਸੈਦੁਲ ਅਮੀਨ, ਅਭਿਜੋਤ ਜੰਗੜਾ, ਕੁਲਬੀਰ ਸਿੰਘ ਸਿੱਧੂ ਤੇ ਮਨਿਸ਼ ਉਰਫ ਕਾਕਾ ਰਾਣਾ ਖ਼ਿਲਾਫ਼ ਚਾਰਜ਼ਸ਼ੀਟ ਦਾਖ਼ਲ ਕੀਤੀ ਗਈ। ਦੂਜੇ ਪਾਸੇ, ਸਤੀਸ਼ ਕੁਮਾਰ ਉਰਫ਼ ਲੱਕੀ ਤੇ ਹੈਰੀ ਖ਼ਿਲਾਫ਼ ਜਾਂਚ ਦੌਰਾਨ ਕੋਈ ਠੋਸ ਸਬੂਤ ਨਾ ਮਿਲਣ ਕਾਰਨ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ, ਜਿਸ ਦੇ ਆਧਾਰ ‘ਤੇ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਇਹ ਦੋਵੇਂ ਮੁਲਜ਼ਮ 8 ਅਪ੍ਰੈਲ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤੇ ਗਏ ਸਨ ਤੇ ਕਪੂਰਥਲਾ ਜੇਲ੍ਹ ’ਚ ਨਿਆਇਕ ਹਿਰਾਸਤ ਅਧੀਨ ਸਨ।

Related Articles

Leave a Reply

Your email address will not be published. Required fields are marked *

Back to top button