
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 29 ਅਕਤੂਬਰ : ਡੀਆਈਜੀ ਹਰਚਰਨ ਸਿੰਘ ਭੁੱਲਰ (DIG HS Bhullar) ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ ਨੌਂ ਦਿਨਾਂ ਦੇ ਸੀਬੀਆਈ ਰਿਮਾਂਡ (CBI Remand) ‘ਤੇ ਭੇਜ ਦਿੱਤਾ ਹੈ। ਅਦਾਲਤ ਨੇ ਅੱਜ ਸਵੇਰੇ ਸੀਬੀਆਈ ਟੀਮ ਵੱਲੋਂ ਦਾਇਰ ਅਰਜ਼ੀ ‘ਤੇ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਮੁਲਜ਼ਮ ਦੇ ਰਿਮਾਂਡ ਦੀ ਬੇਨਤੀ ਕੀਤੀ। ਹਾਲਾਂਕਿ, ਮੁਲਜ਼ਮ ਕ੍ਰਿਸ਼ਨੂ ਦੇ ਵਕੀਲ ਨੇ ਸਰਕਾਰੀ ਵਕੀਲ ਦੀ ਬੇਨਤੀ ਦਾ ਵਿਰੋਧ ਕੀਤਾ।
ਅੱਜ ਸਵੇਰੇ ਅਦਾਲਤ ਵਿੱਚ ਕੀ ਹੋਇਆ?
ਅੱਜ ਸਵੇਰੇ, ਜੇਲ੍ਹ ‘ਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ‘ਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਮੁਲਜ਼ਮ ਨੇ ਇਸ ਮਾਮਲੇ ‘ਚ ਮੁੱਖ ਭੂਮਿਕਾ ਨਿਭਾਈ। ਸੀਬੀਆਈ ਨੇ ਜਾਂਚ ਦੌਰਾਨ ਇੱਕ ਡਾਇਰੀ ਅਤੇ ਕਈ ਹੋਰ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਸਨ। 100 ਜੀਬੀ ਡਾਟਾ ਰਿਕਵਰ ਕਰਨਾ ਬਾਕੀ ਹੈ ਤੇ ਚੈਟ ਵੀ ਕਾਫ਼ੀ ਸਬੂਤ ਹਨ। ਕਈ ਪਹਿਲੂਆਂ ਦੀ ਜਾਂਚ ਕਰਨ ਦੀ ਲੋੜ ਹੈ ਜਿਸ ਵਿੱਚ ਵਿਚੋਲੇ ਕ੍ਰਿਸ਼ਨੂ ਦੇ ਸੰਪਰਕ ਵੀ ਸ਼ਾਮਲ ਹਨ। ਇਸ ਲਈ 12 ਦਿਨਾਂ ਦੇ ਰਿਮਾਂਡ ਦੀ ਲੋੜ ਹੈ। ਇਸਦਾ ਵਿਰੋਧ ਕਰਦੇ ਹੋਏ ਮੁਲਜ਼ਮ ਦੇ ਵਕੀਲ ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਕ੍ਰਿਸ਼ਨੂ ਇਕ ਕੌਮੀ ਹਾਕੀ ਖਿਡਾਰੀ ਹੈ। ਪੁਲਿਸ ਵਿਭਾਗ ਤੇ ਆਗੂ ਸਾਰੇ ਇਹ ਜਾਣਦੇ ਹਨ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 9 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ।



