Punjab

CM ਮਾਨ ਦੇ ਕੇਂਦਰ ਪ੍ਰਤੀ ਸੁਰ ਨਰਮ, ਪ੍ਰਧਾਨ ਮੰਤਰੀ ਨੂੰ ਮਿਲਣਗੇ; ਵਿਰੋਧੀ ਆਗੂਆਂ ‘ਤੇ ਕੀਤੇ ਤਿੱਖੇ ਹਮਲੇ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 13 ਸਤੰਬਰ : ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੜ੍ਹ ਰਾਹਤ ਲਈ 1600 ਕਰੋੜ ਰੁਪਏ ਦੇ ਪੈਕੇਜ ਦੇਣ ਨੂੰ ਲੈ ਕੇ ਨਿੰਦਾ ਕਰ ਰਹੀ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਰਵੱਈਆ ਕੇਂਦਰ ਪ੍ਰਤੀ ਨਰਮ ਹੋ ਗਿਆ ਹੈ। ਹੁਣ ਤੱਕ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਕੋਲ ਫੰਡ ਲੈਣ ਲਈ ਨਹੀਂ ਜਾਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਅਗਲੇ ਦਿਨਾਂ ਵਿਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਮਿਲਣ ਦੀ ਗੱਲ ਕਹੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਣ ਦਾ ਖੁਲਾਸਾ ਕੀਤਾ ਹੈ। ਬੀਤੇ ਕੱਲ੍ਹ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਆਪਣੀ ਰਿਹਾਇਸ ’ਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਦਕਿ ਸੂਬੇ ਦੇ ਡਿਪਟੀ ਕਮਿਸ਼ਨਰ ਵਰਚੂਅਲ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਸਿਆਸੀ ਆਗੂਆਂ ’ਤੇ ਤਿੱਖੇ ਹਮਲੇ ਕੀਤੇ, ਪਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਵਿਰੁੱਧ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ। ਇੱਥੇ ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ 9 ਸਤੰਬਰ ਨੂੰ ਪੰਜਾਬ ਦੌਰੇ ‘ਤੇ ਆਏ ਸਨ। ਮੁੱਖ ਮੰਤਰੀ ਬੀਮਾਰ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਹੜ੍ਹ ਰਾਹਤ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਪਰ ਨਾਲ ਹੀ ਸੂਬਾ ਸਰਕਾਰ ਕੋਲ ਆਫ਼ਤ ਪ੍ਰਬੰਧਨ ਫੰਡ ਵਿਚ 12 ਹਜ਼ਾਰ ਕਰੋੜ ਰੁਪਏ ਹੋਣ ਦੀ ਗੱਲ ਕਹੀ ਸੀ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ ਸੂਬੇ ਵਿਚ ਸਿਆਸੀ ਪਾਰਾ ਚੜ੍ਹ ਗਿਆ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਕੈਬਨਿਟ ਮੰਤਰੀਆਂ ਨੇ ਰਾਹਤ ਪੈਕੇਜ ਨੂੰ ਨਾਕਾਫ਼ੀ ਦੱਸਦਿਆਂ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ। ਜਦਕਿ ਵਿਰੋਧੀ ਧਿਰਾਂ ਨੇ 12 ਹਜ਼ਾਰ ਕਰੋੜ੍ਹ ਰੁਪਏ ਦੇ ਫੰਡ ਦੀ ਦੁਰਵਰਤੋ ਨੂੰ ਲੈ ਕੇ ਹੁਕਮਰਾਨ ਧਿਰ ਨੂੰ ਘੇਰ ਲਿਆ। ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਕਹਿ ਰਹੇ ਹਨ ਕਿ 1600 ਕਰੋੜ ਰੁਪਏ ਤੁਰੰਤ ਰਾਹਤ ਵਜੋਂ ਪ੍ਰਾਪਤ ਹੋਏ ਹਨ ਤਾਂ ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ। ਪੰਜਾਬ ਨੇ ਬਹੁਤ ਦੁੱਖ ਝੱਲਿਆ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕੇਂਦਰ ਸਰਕਾਰ ਤੋਂ ਸਮਾਂ ਲੈ ਰਹੇ ਹਨ। ਜਲਦੀ ਹੀ ਉਹ ਸਾਰੀਆਂ ਰਿਪੋਰਟਾਂ ਲੈ ਕੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਵਿੱਤ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਣਗੇ। ਇਸੇ ਦੌਰਾਨ 12 ਹਜ਼ਾਰ ਕਰੋੜ ਰੁਪਏ ਦੇ ਰਾਜ ਆਫ਼ਤ ਪ੍ਰਬੰਧਨ ਫੰਡ ਬਾਰੇ ਉਠਾਏ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਪ੍ਰੈਲ 2022 ਤੋਂ ਹੁਣ ਤੱਕ 1582 ਕਰੋੜ ਰੁਪਏ ਆਏ ਹਨ। ਜਿਸ ਵਿੱਚੋਂ 649 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ 2022 ਤੋਂ ਪਹਿਲਾਂ ਦੇ ਫੰਡਾਂ ਬਾਰੇ ਸਥਿਤੀ ਸਪਸ਼ਟ ਨਾ ਕਰ ਸਕੇ ਤਾਂ ਮੁੱਖ ਸਕੱਤਰ ਕੇਏਪੀ. ਸਿਨਹਾ ਨੇ ਮੋਰਚਾ ਸੰਭਾਲਦੇ ਹੋਏ ਕਿਹਾ ਕਿ ਐਸਡੀਆਰਐਫ, ਕੈਂਪਾ ਅਤੇ ਜੀਪੀਐਫ. ਜਨਤਕ ਫੰਡ ਹਨ। ਸੂਬਾ ਸਰਕਾਰ ਤਾਂ ਬੈਂਕਰ ਹੈ। ਉਨ੍ਹਾਂ ਦੱਸਿਆ ਕਿ 12ਹਜ਼ਾਰ ਕਰੋੜ ਰੁਪਏ ਦੀ ਐਂਟਰੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇ ਦਾ ਫੰਡ ਵੀ ਸ਼ਾਮਲ ਹੈ। ਮੁੱਖ ਸਕੱਤਰ ਦੇ ਬਿਆਨ ਨਾਲ ਸਪਸ਼ਟ ਹੋ ਗਿਆ ਕਿ ਸੂਬਾ ਸਰਕਾਰ ਕੋਲ ਐੱਸ.ਡੀ.ਆਰ.ਐੱਫ ਵਿਚ 12 ਹਜ਼ਾਰ ਕਰੋੜ ਰੁਪਏ ਹਨ। ਮੁੱਖ ਮੰਤਰੀ ਨੇ ਭਾਖੜਾ ਡੈਮ ਦੀ ਸੁਰੱਖਿਆ ਸੀਆਈਐੱਸਐੱਫ ਦੇ ਹਵਾਲੇ ਕੀਤੇ ਜਾਣ ’ਤੇ ਕਿਹਾ ਕਿ ਇਸਦੇ ਪੈਸੇ ਕੌਣ ਦੇਵੇਗਾ?ਬੀਬੀਐਮਬੀ ਨੇ 800 ਕਰੋੜ ਰੁਪਏ ਦਾ ਬਿੱਲ ਭੇਜਿਆ ਹੈ। ਪੰਜਾਬ ਪੁਲਿਸ ਡੈਮ ਦੀ ਸੁਰੱਖਿਆ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਦੇ ਕੇਂਦਰ ਸਰਕਾਰ ਪ੍ਰਤੀ ਨਰਮ ਰਵੱਈਏ ਨਾਲ ਸਪੱਸ਼ਟ ਹੋ ਗਿਆ ਹੈ ਕਿ ਸੂਬਾ ਸਰਕਾਰ ਹੁਣ ਕੇਂਦਰ ਨਾਲ ਸਿੱਧੇ ਟਕਰਾਅ ਤੋਂ ਬਚਣ ਲੱਗੀ ਹੈ।

Related Articles

Leave a Reply

Your email address will not be published. Required fields are marked *

Back to top button