
ਕਲਾਨੌਰ, 18 ਜਨਵਰੀ– ਸ਼ੁੱਕਰਵਾਰ ਨੂੰ ਸੀਆਈ ਸਟਾਫ਼ ਗੁਰਦਾਸਪੁਰ ਵਿੱਚ ਪੁੱਛ ਪੜਤਾਲ ਲਈ ਗਏ ਨੌਜਵਾਨ ਦੀ ਮੌਤ ਹੋ ਜਾਣ ਦੇ ਵਿਰੋਧ ਵਿੱਚ ਪਰਿਵਾਰਕ ਜੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੈਸ਼ਨਲ ਹਾਈਵੇ 354 ਤੇ ਰੱਖ ਕੇ ਦੋਸੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰਕ ਜੀਆਂ ਨੇ ਦੋਸਤ ਲਾਉਂਦਿਆਂ ਹੋਇਆਂ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਲਗਾਤਾਰ ਪੜਤਾਲ ਲਈ ਬੁਲਾਇਆ ਜਾ ਰਿਹਾ ਸੀ ਜਦ ਕਿ ਅੱਜ ਉਨ੍ਹਾਂ ਦੇ ਪੁੱਤਰ ਦੇ ਮੂੰਹ ਵਿੱਚ ਜਹਿਰ ਪਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਂ ਜਸਬੀਰ ਕੌਰ , ਚਾਚਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਰਣਜੀਤ ਸਿੰਘ ਸੋਨੂ ਜਿਸ ਦੀ ਇਕ ਲੱਤ ਕਮਜ਼ੋਰ ਹੋਣ ਕਾਰਨ ਉਹ ਅੰਗਹੀਣ ਹੈ ਤੇ ਰਣਜੀਤ ਸਿੰਘ ਸੋਨੂ ਆਰਓ ਡਿਸ ਅਤੇ ਸੀਸੀ ਟੀਵੀ ਕੈਮਰੇ ਲਗਾਉਣ ਦਾ ਕੰਮ ਕਰਦਾ ਹੈ ਜਦਕਿ ਉਸ ਦਾ ਭਰਾ ਇਟਲੀ ਵਿੱਚ ਰਹਿੰਦਾ ਹੈ ਤੇ ਇੱਕ ਭੈਣ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਸੋਨੂ ਦੀ ਸਿਮ ਜੋ ਦੋ ਸਾਲ ਪਹਿਲਾਂ ਗੁੰਮ ਹੋ ਗਈ ਸੀ ਅਤੇ ਇਸ ਨੰਬਰ ਤੇ ਆਈਡੀ ਚੱਲਣ ਅਤੇ ਇਸ ਸਿਮ ਸਬੰਧੀ ਰਣਜੀਤ ਸਿੰਘ ਨੂੰ ਪਹਿਲਾਂ ਬੁੱਧਵਾਰ ਪੁਲਿਸ ਥਾਣਾ ਕਲਾਨੌਰ ਵਿਖੇ ਪੁਸ਼ ਪੜਤਾਲ ਲਈ ਸੱਦਿਆ ਗਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਸੀਆਈ ਸਟਾਫ ਗੁਰਦਾਸਪੁਰ ਵਿਖੇ ਸੱਦਿਆ ਗਿਆ ਜਿੱਥੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਅੱਜ ਸ਼ੁਕਰਵਾਰ ਨੂੰ ਵੀ ਸੀਆਈ ਸਟਾਫ ਵੱਲੋਂ ਪੁਛ ਪੜਤਾਲ ਲਈ ਰਣਜੀਤ ਸਿੰਘ ਨੂੰ ਬੁਲਾਇਆ ਸੀ ਅਤੇ ਸਵੇਰੇ 8 ਵਜੇ ਰਣਜੀਤ ਸਿੰਘ ਨੂੰ ਨਾਲ ਲੱਗਦੇ ਪਿੰਡਾਂ ਦੇ ਦੋ ਨੌਜਵਾਨ ਜਿਨਾਂ ਵਿੱਚੋਂ ਇੱਕ ਪੁਲਿਸ ਕਰਮਚਾਰੀ ਵੀ ਸੀ ਨਾਲ ਲੈ ਗਏ । ਮਾਂ ਜਸਬੀਰ ਕੌਰ ਨੇ ਦੱਸਿਆ ਕਿ ਬਾਅਦ ਦੁਪਹਿਰ ਉਹਨਾਂ ਨੂੰ ਫੋਨ ਰਾਹੀਂ ਦੱਸਿਆ ਕਿ ਰਣਜੀਤ ਸਿੰਘ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ । ਜਸਬੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਨੂੰ ਮਿਲੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਜ਼ਹਿਰ ਦੇ ਦਿੱਤਾ ਗਿਆ ਹੈ ਅਤੇ ਮੈਂ ਹੁਣ ਨਹੀਂ ਬਚਣਾ ਇਸ ਉਪਰੰਤ ਉਸ ਨੂੰ ਪ੍ਰਾਈਵੇਟ ਦਿਓਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਪਰਿਵਾਰਕ ਜੀਆਂ ਨੇ ਦੱਸਿਆ ਕਿ ਉਨ੍ਹਾਂ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਇਸ ਲਈ ਸੰਬੰਧਿਤ ਦੋਸੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਤੇ ਪਰਿਵਾਰਿਕ ਜੀਆਂ ਵੱਲੋਂ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਨੈਸ਼ਨਲ ਹਾਈਵੇ 354 ਤੇ 3 ਵਜੇ ਲਾਸ਼ ਰੱਖ ਕੇ ਹਾਈਵੇ ਨੂੰ ਬੰਦ ਕੀਤਾ ਹੋਇਆ ਹੈ ਇਸ ਮੌਕੇ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਉਪਰੰਤ ਹੀ ਨੈਸ਼ਨਲ ਹਾਈਵੇ ਤੋਂ ਮ੍ਰਿਤਕ ਦੀ ਦੇਹ ਨੂੰ ਚੁੱਕਿਆ ਜਾਵੇਗਾ। ਇਸ ਘਟਨਾ ਦੀ ਖਬਰ ਸੁਣਨ ਉਪਰੰਤ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ।



