
ਅੰਮ੍ਰਿਤਸਰ, 8 ਫਰਵਰੀ: ਬੀ.ਐੱਸ.ਐੱਫ. (BSF) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਐਤਵਾਰ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਭਿੰਡੀ ਸੈਦਾਂ ਥਾਣੇ ਦੇ ਅਧੀਨ ਪੈਂਦੇ ਪਿੰਡ ਗੋਗਾ ਦੇ ਨੇੜਿਓਂ 25 ਕਿਲੋ ਹੈਰੋਇਨ, 2 ਪਿਸਤੌਲ, ਚਾਰ ਮੈਗਜ਼ੀਨ ਅਤੇ 60 ਕਾਰਤੂਸ ਬਰਾਮਦ ਕੀਤੇ ਹਨ। ਹੁਣ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਇਹ ਕੰਸਾਈਨਮੈਂਟ (ਖੇਪ) ਕਿਨ੍ਹਾਂ ਭਾਰਤੀ ਤਸਕਰਾਂ ਤੱਕ ਪਹੁੰਚਾਉਣੀ ਸੀ। ਐਤਵਾਰ ਸਵੇਰੇ ਸੂਚਨਾ ਮਿਲਦੇ ਹੀ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਸ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਆਸ-ਪਾਸ ਦੇ ਪਿੰਡਾਂ ਵਿੱਚ ਰਹਿਣ ਵਾਲੇ ਪੁਰਾਣੇ ਤਸਕਰਾਂ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।



