Punjab

ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਵਿਖੇ ਰਾਜਪਾਲ ਦੀ ਆਮਦ ਸਬੰਧੀ ਤਿਆਰੀਆਂ ਦਾ ਲਿਆ ਜਾਇਜਾ 

10 ਫ਼ਰਵਰੀ ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਸਕੂਲ ਆਫ ਐਮੀਨੈਂਸ ਤੱਕ ਫਿਰੋਜ਼ਪੁਰ ਸ਼ਹਿਰ ਤੱਕ ਕੱਢੀ ਜਾਵੇਗੀ ਨਸ਼ਿਆਂ ਵਿਰੁੱਧ ਪੈਦਲ ਯਾਤਰਾ

ਰਾਜਪਾਲ ਦੀ ਅਗਵਾਈ ਹੇਠ ਹੋਵੇਗੀ ਪੇਂਡੂ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ
ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ
ਫਿਰੋਜ਼ਪੁਰ, 8 ਫਰਵਰੀ 2026: ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ 10 ਫ਼ਰਵਰੀ ਨੂੰ ਫਿਰੋਜ਼ਪੁਰ ਵਿਖੇ ‘ਨਸ਼ਿਆਂ ਵਿਰੁੱਧ ਪੈਦਲ ਯਾਤਰਾ’ ਕੱਢੀ ਜਾਵੇਗੀ, ਜਿਸ ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਸਰਕਟ ਹਾਊਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਸਬੰਧੀ ਹੁਣ ਤੱਕ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ ਗਈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ ਗਈ।ਇਸ ਉਪਰੰਤ ਉਨ੍ਹਾ ਵੱਲੋਂ ਰੈਲੀ ਵਾਲੇ ਸ਼ੁਰਆਤੀ ਸਥਾਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਅਤੇ ਸਮਾਪਤੀ ਸਥਾਨ ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਸ਼ਹਿਰ ਵਿਖੇ ਪਹੁੰਚ ਕੇ ਵੀ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪਾਲ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਪੈਦਲ ਯਾਤਰਾ 10 ਫ਼ਰਵਰੀ 2026 ਨੂੰ ਸਾਰਾਗੜ੍ਹੀ ਮੈਮੋਰੀਅਲ ਫ਼ਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਹੋ ਕੇ ਸਰਕਾਰੀ ਸਕੂਲ ਆਫ਼ ਐਮੀਨੈਂਸ ਫ਼ਿਰੋਜ਼ਪੁਰ ਸ਼ਹਿਰ ਤੱਕ ਜਾਵੇਗੀ। ਇਸ ਦੌਰਾਨ ਪੰਜਾਬ ਦੇ ਰਾਜਪਾਲ ਲੋਕਾਂ ਦੇ ਨਾਮ ਆਪਣਾ ਸੰਦੇਸ਼ ਵੀ ਦੇਣਗੇ। ਇਸ ਪੈਦਲ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਯੂਥ ਕਲੱਬਾਂ ਦੇ ਮੈਂਬਰ, ਵਲੰਟੀਅਰ ਅਤੇ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਆਦਿ ਸ਼ਾਮਿਲ ਹੋ ਕੇ ਨਸ਼ੇ ਤਿਆਗਣ ਅਤੇ ਨਸ਼ਿਆਂ ਦੇ ਖਾਤਮੇ ਲਈ ਇੱਕਜੁਟ ਹੋਣ ਦਾ ਸੱਦਾ ਦੇਣਗੇ। ਉਨ੍ਹਾਂ ਇਸ ਪੈਦਲ ਯਾਤਰਾ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ, ਟ੍ਰੈਫਿਕ ਨਿਯੰਤਰਣ, ਸਾਫ਼-ਸਫ਼ਾਈ, ਸਿਹਤ ਸਹੂਲਤਾਂ, ਮੈਡੀਕਲ ਟੀਮਾਂ, ਰਿਫਰੈਸ਼ਮੈਂਟ, ਪੀਣ ਵਾਲਾ ਪਾਣੀ ਅਤੇ ਸਮਾਗਮ ਦੌਰਾਨ ਲੋੜੀਂਦੀਆਂ ਵਿਵਸਥਾਵਾਂ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਪੈਦਲ ਯਾਤਰਾ ਤੋਂ ਪਹਿਲਾਂ ਰਾਜਪਾਲ ਵੱਲੋਂ ਪੇਂਡੂ ਸੁਰੱਖਿਆ ਕਮੇਟੀ ਦੇ ਮੈਂਬਰਾ ਨਾਲ ਵਿਸ਼ੇਸ ਤੌਰ ਤੇ ਮੀਟਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਨਸ਼ਿਆਂ ਦੇ ਖਾਤਮੇ ਸਮੇਤ ਹੋਰ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਐਸ.ਐਸ.ਪੀ ਭੁਪਿੰਦਰ ਸਿੰਘ ਸਿੱਧੂ,  ਵਧੀਕ ਡਿਪਟੀ ਕਮਿਸ਼ਨਰ (ਜ.) ਨਿਧੀ ਕੁਮੁਦ ਬੰਬਾਹ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ, ਐਸਡੀਐਮ ਫਿਰੋਜ਼ਪਰ ਮੈਡਮ ਲਿੰਧਿਆ, ਐਸਡੀਐਮ ਜ਼ੀਰਾ ਅਰਵਿੰਦਰਪਾਲ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button