
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 31 ਜਨਵਰੀ : ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਜਮਾਤ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਨੇ ਸੈਸ਼ਨ 2025–26 ਦੀ ਡੇਟਸ਼ੀਟ ਜਾਰੀ ਕਰਦਿਆਂ ਦੱਸਿਆ ਕਿ ਦੋਵਾਂ ਕਲਾਸਾਂ ਦੀਆਂ ਪ੍ਰੀਖਿਆਵਾਂ 3 ਮਾਰਚ ਤੋਂ ਸ਼ੁਰੂ ਹੋ ਕੇ 20 ਮਾਰਚ ਤੱਕ ਚੱਲਣਗੀਆਂ। ਸਾਰੀਆਂ ਪ੍ਰੀਖਿਆਵਾਂ ਸਵੇਰੇ 9 ਵਜੇ ਤੋਂ ਕਰਵਾਈਆਂ ਜਾਣਗੀਆਂ। ਡੇਟਸ਼ੀਟ ਅਨੁਸਾਰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਰੀਡਿੰਗ ਟਾਈਮ ਸਵੇਰੇ 9 ਤੋਂ 9.15 ਵਜੇ ਤੱਕ ਰਹੇਗਾ, ਜਦਕਿ ਉੱਤਰ ਲਿਖਣ ਦਾ ਸਮਾਂ 9.15 ਵਜੇ ਤੋਂ ਦੁਪਹਿਰ 12.15 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਸਾਰੀਆਂ ਕੇਂਦਰੀਕ੍ਰਿਤ ਪ੍ਰੀਖਿਆਵਾਂ ਇਕੋ ਸਮੇਂ ’ਤੇ ਸ਼ੁਰੂ ਹੋਣਗੀਆਂ। ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈਡਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਕੇਂਦਰੀ ਪੱਧਰ ‘ਤੇ ਤਿਆਰ ਨਹੀਂ ਕੀਤੇ ਜਾਣਗੇ, ਉਹ ਸਕੂਲ ਪੱਧਰ ‘ਤੇ ਤਿਆਰ ਕੀਤੇ ਜਾਣ। ਸਾਰੇ ਪ੍ਰਸ਼ਨ ਪੱਤਰ ਸੀਬੀਐਸਈ ਦੀਆਂ ਨਵੀਂਆਂ ਗਾਈਡਲਾਈਨਾਂ ਅਨੁਸਾਰ ਤਿਆਰ ਕੀਤੇ ਜਾਣਗੇ।



