
ਐੱਸਏਐੱਸ ਨਗਰ, 26 ਜੁਲਾਈ : ਸਕੂਲ ਸਿੱਖਿਆ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੀਆਂ 5178 ਅਸਾਮੀਆਂ ‘ਤੇ ਨਿਯੁਕਤ ਹੋਏ ਸਮੂਹ ਅਧਿਆਪਕਾਂ ਨੂੰ ਬਿਨਾਂ ਕਿਸੇ ਪਟੀਸ਼ਨਰ ਜਾਂ ਨਾਨ-ਪਟੀਸ਼ਨਰ ਦੇ ਵਿਤਕਰੇ ਦੇ, ਪਰਖ ਸਮੇਂ (ਪ੍ਰੋਬੇਸ਼ਨ ਪੀਰੀਅਡ) ਦੇ ਬਣਦੇ ਬਕਾਏ ਜਾਰੀ ਕਰਨ ਵਿਚ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਲੋੜੀਂਦੇ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਗਏ ਹਨ। ਇਸ ਦੀ ਕਾਪੀ ਡਾਇਰੈਕਟਰ ਸਕੂਲ ਸਿੱਖਿਆ ਗੁਰਿੰਦਰ ਸਿੰਘ ਸੋਢੀ ਵੱਲੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਜਸਵਿੰਦਰ ਸਿੰਘ ਔਜਲਾ, ਵਿਕਰਮਜੀਤ ਮਾਲੇਰਕੋਟਲਾ, ਲਖਵੀਰ ਬਰਨਾਲਾ, ਗੁਰਪ੍ਰੀਤ ਵੀਰੋਕੇ ਅਤੇ ਬਾਕੀ ਆਗੂਆਂ ਨੂੰ ਸੌਂਪੀ ਗਈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ 5178 ਅਧਿਆਪਕਾਂ (ਨਾਨ-ਪਟੀਸ਼ਨਰਜ਼) ਨੂੰ ਪਰਖ ਸਮੇਂ ਦੀ ਪੂਰੀ ਤਨਖਾਹ ਅਨੁਸਾਰ ਬਕਾਏ ਜਾਰੀ ਕਰਨ ਵਿਚ ਹੋ ਰਹੀ ਦੇਰੀ ਦੇ ਵਿਰੋਧ ਵਜੋਂ 11 ਜੂਨ ਨੂੰ ਲੁਧਿਆਣਾ ਵਿਖੇ ਕੀਤੀ ਰੈਲੀ ਦੌਰਾਨ ਇਹ ਮਾਮਲਾ ਉਭਾਰਨ ਦੇ ਨਾਲ-ਨਾਲ ਕੈਬਨਿਟ ਸਬ-ਕਮੇਟੀ ਅਤੇ ਸਿੱਖਿਆ ਸਕੱਤਰ (ਸਕੂਲਜ਼) ਨਾਲ ਹੋਈ ਮੀਟਿੰਗ ਵਿਚ ਵੀ ਪ੍ਰਮੁੱਖਤਾ ਨਾਲ ਰੱਖਿਆ ਗਿਆ ਸੀ ਜਿਸ ਦਰਮਿਆਨ ਇਕ ਕਾਡਰ ’ਤੇ ਇੱਕੋ ਜਿਹਾ ਤਨਖਾਹ ਸਕੇਲ ਲਾਗੂ ਹੋਣ ਦੇ ਤੈਅ ਸ਼ੁਦਾ ਨਿਯਮ ਤਹਿਤ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਮਸਲੇ ਦਾ ਹੱਲ ਨਾ ਹੋਣ ’ਤੇ ਜਥੇਬੰਦੀ ਵੱਲੋਂ 16 ਜੁਲਾਈ ਨੂੰ ਵੀ ਪੰਜਾਬ ਭਰ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ 20 ਥਾਵਾਂ ’ਤੇ ਜ਼ਿਲ੍ਹਾ ਕਮੇਟੀਆਂ ਵੱਲੋਂ ਵੱਡੀ ਗਿਣਤੀ ਪੀੜਤ 5178 ਅਧਿਆਪਕਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਨਾਮ ਰੋਸ ਪੱਤਰ ਭੇਜੇ ਗਏ ਸਨ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੁੱਲੇਵਾਲ, ਜਗਪਾਲ ਬੰਗੀ ਅਤੇ ਰਘਵੀਰ ਭਵਾਨੀਗੜ੍ਹ ਨੇ ਦੱਸਿਆ ਕਿ ਅਧਿਆਪਕਾਂ ਦੇ ਬਾਕੀ ਰਹਿੰਦੇ ਵਿਭਾਗੀ ਮਸਲੇ ਵੀ ਜਲਦ ਹੱਲ ਕਰਵਾਉਣ ਲਈ ਜਥੇਬੰਦੀ ਵੱਲੋਂ 5 ਅਗਸਤ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੇ ਦਫ਼ਤਰ ‘ਮਾਸ ਡੈਪੂਟੇਸ਼ਨ’ ਦੇ ਰੂਪ ਵਿਚ ਪਹੁੰਚ ਕੀਤੀ ਜਾਵੇਗੀ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਂਤਰ ਸੂਬਾਈ ਐਕਸ਼ਨ ਵੀ ਕੀਤਾ ਜਾਵੇਗਾ।



