Punjab

50 ਰੁਪਏ ’ਚ ਹੋਵੇਗੀ ਖਾਣ-ਪੀਣ ਦੀ ਜਾਂਚ, ਮੋਗਾ ’ਚ ਚੱਲੀ ਫੂਡ ਸੇਫਟੀ ਵੈਨ

ਮੋਗਾ, 22 ਜੁਲਾਈ : ਮੋਗਾ ਜ਼ਿਲ੍ਹੇ ਦੇ ਨਿਵਾਸੀਆਂ ਲਈ ਖੁਸ਼ਖਬਰੀ ਹੈ ਕਿ ਹੁਣ ਉਹ ਸਿਰਫ 50 ਰੁਪਏ ਦੀ ਨਾਮਾਤਰ ਫੀਸ ਦੇ ਕੇ ਆਪਣੀ ਰੋਜ਼ਾਨਾ ਵਰਤੋਂ ਵਾਲੀ ਖੁਰਾਕ ਜਾਂ ਪੀਣ ਵਾਲੇ ਪਦਾਰਥ ਦੀ ਜਾਂਚ ਕਰਵਾ ਸਕਦੇ ਹਨ। ਇਹ ਸਹੂਲਤ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਵੈਨ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਨੇ ਦਿੱਤੀ। ਇਸ ਮੌਕੇ ਡਾ. ਮਹਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮੌਜੂਦ ਫੂਡ ਸੇਫਟੀ ਵੈਨ ਦੁਆਰਾ ਦੁੱਧ, ਪਾਣੀ, ਮਸਾਲੇ, ਤੇਲ, ਘੀ ਵਰਗੇ ਪਦਾਰਥਾਂ ਦੀ ਜਾਂਚ ਅਧੁਨਿਕ ਯੰਤਰਾਂ ਰਾਹੀਂ ਕੀਤੀ ਜਾ ਰਹੀ ਹੈ। ਇਹ ਮਸ਼ੀਨਾਂ ਤੇਜ਼ ਅਤੇ ਯਕੀਨੀ ਨਤੀਜੇ ਦਿੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਸੰਦੇਹ ਹੋਵੇ, ਉਥੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਜਰੂਰ ਕਰਵਾਈ ਜਾਵੇ ਤਾਂ ਜੋ ਸਿਹਤ ਸੰਬੰਧੀ ਮੁਸ਼ਕਲਾਂ ਤੋਂ ਬਚਿਆ ਜਾ ਸਕੇ। ਇਸ ਵੈਨ ਦੀ ਵਰਤੋਂ ਸਿਰਫ ਜਾਂਚ ਤੱਕ ਹੀ ਸੀਮਤ ਨਹੀਂ ਰਹੀ। ਸਿਵਲ ਸਰਜਨ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਹੋਟਲਾਂ ਅਤੇ ਢਾਬਿਆਂ ਵਿਚ ਵੀ ਅਚਾਨਕ ਚੈੱਕਿੰਗ ਕੀਤੀ ਗਈ। ਟੀਮ ਨੇ ਸਾਫ-ਸਫ਼ਾਈ ਸਬੰਧੀ ਕਈ ਮਾਪਦੰਡਾਂ ਦੀ ਜਾਂਚ ਕੀਤੀ। ਕਰਮਚਾਰੀਆਂ ਨੂੰ ਨੌਹ ਕੱਟਣ, ਸਿਰ ਤੇ ਕਵਰ ਪਾਉਣ, ਮੂੰਹ ’ਤੇ ਮਾਸਕ ਤੇ ਹੱਥਾਂ ਵਿਚ ਦਸਤਾਨੇ ਪਾਉਣ ਦੀ ਸਖਤ ਹਿਦਾਇਤ ਦਿੱਤੀ ਗਈ। ਇਸ ਚੈੱਕਿੰਗ ਦੌਰਾਨ ਵੈਨ ਚ ਤਾਇਨਾਤ ਲੈਬ ਟੈਕਨੀਸ਼ੀਅਨ ਮਨਜੀਤ ਸਿੰਘ ਅਤੇ ਬੂਟਾ ਸਿੰਘ ਨੇ ਮੋਗਾ ਦੇ ਇਕ ਹੋਟਲ ਵਿਚ ਕਰਮਚਾਰੀਆਂ ਦੇ ਨੌਹਾਂ, ਕਪੜਿਆਂ ਅਤੇ ਆਲੇ ਦੁਆਲੇ ਦੀ ਸਫ਼ਾਈ ਦੀ ਜਾਂਚ ਕੀਤੀ। ਉਨ੍ਹਾਂ ਹੋਟਲ ਚਲਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਖਾਣ-ਪੀਣ ਦੇ ਮਾਮਲੇ ਵਿੱਚ ਲਾਪਰਵਾਹੀ ਕਦੇ ਵੀ ਗੰਭੀਰ ਨਤੀਜੇ ਪੈਦਾ ਕਰ ਸਕਦੀ ਹੈ। ਬਾਸੀ ਖਾਣੇ ਤੋਂ ਪਰਹੇਜ਼ ਦੀ ਅਪੀਲ ਮਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਨਤਾ ਨੂੰ ਸਿਹਤਮੰਦ ਅਤੇ ਤਾਜ਼ਾ ਭੋਜਨ ਵਰਤਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੋਟਲ ਤੇ ਰੈਸਟੋਰੈਂਟ ਚਲਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਗਾਹਕਾਂ ਨੂੰ ਸਦਾ ਤਾਜ਼ਾ ਅਤੇ ਸਾਫ ਖਾਣਾ ਹੀ ਪੇਸ਼ ਕੀਤਾ ਜਾਵੇ। ਬਾਸੀ ਜਾਂ ਖਰਾਬ ਭੋਜਨ ਉਨ੍ਹਾਂ ਦੀ ਸਿਹਤ ਉੱਤੇ ਬੁਰਾ ਅਸਰ ਪਾ ਸਕਦਾ ਹੈ। ਫੂਡ ਸੇਫਟੀ ਵੈਨ ਦੀ ਇਹ ਨਵੀਂ ਸ਼ੁਰੂਆਤ ਜ਼ਿਲ੍ਹੇ ਵਿਚ ਖਾਣ-ਪੀਣ ਦੀ ਗੁਣਵੱਤਾ ਸੁਨਿਸ਼ਚਤ ਕਰਨ ਵੱਲ ਇਕ ਵੱਡਾ ਕਦਮ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸਹੂਲਤ ਦੀ ਲਾਭ ਉਠਾਉਣ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਵਿਚ ਆਪਣਾ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button