Punjab

ਸੋਮਵਾਰ ਨੂੰ ਨਗਰ ਨਿਗਮ ਮੋਗਾ ਹਾਊਸ ਦੀ ਮੀਟਿੰਗ ‘ਚ ਵਿਕਾਸ ਕਾਰਜਾਂ ਤੇ ਕੂੜਾ ਚੁੱਕਣ ਦੇ ਮੁੱਦੇ ‘ਤੇ ਛਿੜੀ ਬਹਿਸ

ਮੋਗਾ, 22 ਜੁਲਾਈ : ਸੋਮਵਾਰ ਨੂੰ ਨਗਰ ਨਿਗਮ ਮੋਗਾ ਦੀ ਹਾਉਸ ਮੀਟਿੰਗ ਦੌਰਾਨ ਕੌਂਸਲਰਾਂ ਨੇ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਕਈ ਅਹਿਮ ਮਾਮਲੇ ਸਾਹਮਣੇ ਰੱਖੇ। ਹਾਊਸ ਦੀ ਮੀਟਿੰਗ ਵਿਚ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਵੱਲੋਂ ਵਿਕਾਸ ਕਾਰਜਾਂ ਹੇਠ ਜੋ ਐਸਟੀਮੇਟ ਤਿਆਰ ਕਰਕੇ ਪ੍ਰਸਤਾਵ ਪਾਸ ਕਰਵਾਏ ਜਾਂਦੇ ਹਨ, ਉਹ ਅਸਲ ਵਿਚ ਠੀਕ ਨਹੀਂ ਹੁੰਦੇ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਨਗਰ ਨਿਗਮ ਨੇ ਸ਼ਹਿਰ ਵਿਚ ਕੂੜਾ ਚੁੱਕਣ ਦੀ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਨਵੇਂ ਰੇਟ ਤੈਅ ਕੀਤੇ ਗਏ, ਜਿਸ ਤਹਿਤ ਰਿਹਾਇਸ਼ੀ ਇਲਾਕਿਆਂ ਵਿਚ ਘਰਾਂ ਦੀ ਮਾਪਦੇਖੀ ਅਧਾਰ ’ਤੇ ਮਹੀਨਾਵਾਰੀ ਫੀਸ ਵਸੂਲ ਕੀਤੀ ਜਾਵੇਗੀ। ਸਲਮ ਇਲਾਕਿਆਂ ਲਈ 60 ਗਜ ਤੱਕ 20 ਰੁਪਏ, 180 ਗਜ ਤੱਕ 30 ਰੁਪਏ ਅਤੇ 180 ਗਜ ਤੋਂ ਵੱਧ ਲਈ 100 ਰੁਪਏ ਫੀਸ ਲਾਈ ਜਾਵੇਗੀ। ਪ੍ਰਾਈਵੇਟ ਸਕੂਲਾਂ ਤੋਂ ਇਕ ਵਿਦਿਆਰਥੀ ’ਤੇ ਇਕ ਰੁਪਏ ਵਸੂਲਿਆ ਜਾਵੇਗਾ। ਨਗਰ ਨਿਗਮ ਦੀ ਇਮਾਰਤ ਨਵੇਂ ਰੂਪ ਵਿਚ ਤਿਆਰ ਹੋਵੇਗੀ ਨਿਗਮ ਹਾਊਸ ਦੀ ਮੀਟਿੰਗ ਵਿਚ 97 ਸਾਲ ਪੁਰਾਣੀ ਨਗਰ ਨਿਗਮ ਦੀ ਇਮਾਰਤ ਨੂੰ ਨਵੀਂ ਰੂਪ-ਰੇਖਾ ਦੇਣ ਲਈ ਲਗਪਗ 1.40 ਕਰੋੜ ਰੁਪਏ ਦੀ ਰਾਸ਼ੀ ਨਾਲ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਦੌਰਾਨ ਨਿਗਮ ਦੇ ਦਫ਼ਤਰ ਨੂੰ ਆਰਜ਼ੀ ਤੌਰ ‘ਤੇ ਕਮਿਊਨਟੀ ਸੈਂਟਰ ਵਿਚ ਸ਼ਿਫਟ ਕਰਨ ਦੀ ਮਨਜ਼ੂਰੀ ਵੀ ਦਿੱਤੀ ਗਈ। ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਵੀ ਸ਼ਹਿਰ ਦੀ ਸਫਾਈ ‘ਤੇ ਨਾਰਾਜ਼ ਜਤਾਈ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰ ਕੌਂਸਲਰ ਜਾਂ ਵਿਧਾਇਕ ਦੀ ਨਹੀਂ, ਸਗੋਂ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲਣ। ਉਨ੍ਹਾਂ ਘੋਸ਼ਣਾ ਕੀਤੀ ਕਿ ਜਲਦੀ ਹੀ 2 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਜਾਵੇਗਾ, ਜਿਸ ਰਾਹੀਂ 8 ਇੰਚ, 12 ਇੰਚ ਅਤੇ 16 ਇੰਚ ਦੀਆਂ ਸੀਵਰੇਜ ਲਾਈਨਾਂ ਦੀ ਸਫਾਈ ਹੋਏਗੀ। ਬੇਹੱਦ ਖ਼ਰਾਬ ਸਫਾਈ ਹਾਲਤ ‘ਤੇ ਵੀ ਖੜੇ ਹੋਏ ਸਵਾਲ ਮੀਟਿੰਗ ਦੌਰਾਨ ਕੌਂਸਲਰ ਕੁਸੁਮ ਬਾਲੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਹੈ, ਪਰ ਨਿਗਮ ਕਰਮਚਾਰੀ ਕੰਮ ਕਰਨਾ ਤਾਂ ਛੱਡੋ ਉਲਟ ਪੱਤਰ ਭੇਜਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੜਾ ਕੰਮ ਕਰਨ ਦਾ ਤਰੀਕਾ ਹੈ। ਉਧਰ ਨਗਰ ਨਿਗਮ ਕਮਿਸ਼ਨਰ ਚਾਰੂਮਿਤਾ ਨੇ ਉਨ੍ਹਾਂ ਦੀ ਗੱਲ ਸੁਣਦਿਆਂ ਆਦੇਸ਼ ਦਿੱਤੇ ਕਿ ਜਿਨ੍ਹਾਂ ਕਰਮਚਾਰੀਆਂ ਵੱਲੋਂ ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਨੂੰ ਤੁਰੰਤ ਨੋਟਿਸ ਜਾਰੀ ਕੀਤਾ ਜਾਵੇ। ਇਸਦੇ ਨਾਲ ਹੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਵਾਰ-ਵਾਰ ਆ ਰਹੀ ਹੈ, ਤਾਂ ਮੁਲਜ਼ਮ ਕਰਮਚਾਰੀ ਤੋਂ ਲਿਖਤੀ ਜਵਾਬ ਲਿਆ ਜਾਵੇ। ਕੌਂਸਲਰ ਹਰਮਿੰਦਰ ਕਾਨਪੁਰੀ ਨੇ ਕਿਹਾ ਕਿ ਸ਼ਹਿਰ ਵਿਚ ਸਫਾਈ ਦੀ ਹਾਲਤ ਖ਼ਰਾਬ ਹੈ। ਰਾਤ ਦੀ ਡਿਊਟੀ ‘ਤੇ ਕਰਮਚਾਰੀ ਅਕਸਰ ਹੀ ਅਰਾਮ ਕਰਦੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਨਗਰ ਨਿਗਮ ਨੂੰ ਘੱਟ-ਛੋਟੀਆਂ ਸਮੱਸਿਆਵਾਂ ਤੇ ਵੀ ਧਿਆਨ ਦੇਣ ਦੀ ਲੋੜ ਹੈ, ਤਾਂ ਹੀ ਲੋਕਾਂ ਦੀ ਨਾਰਾਜਗੀ ਘਟ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button