
ਫਗਵਾੜਾ, 9 ਫਰਵਰੀ-ਚਾਰ ਭੈਣਾਂ ਦਾ ਇਕਲੌਤਾ ਭਰਾ ਜਸਕਰਨ ਸਿੰਘ ਵਾਸੀ ਪਿੰਡ ਚਹੇੜੂ ਫਗਵਾੜਾ ਜੋ ਕਿ 45 ਲੱਖ ਰੁਪਏ ਅਮਰੀਕਾ ਜਾਣ ਲਈ ਏਜੰਟ ਨੂੰ ਦੇ ਕੇ 29 ਜੁਲਾਈ ਨੂੰ ਦੁਬਈ ਗਿਆ ਸੀ, ਉਥੋਂ ਵੱਖ-ਵੱਖ ਦੇਸ਼ਾਂ ਵਿੱਚ ਹੁੰਦੇ ਹੋਏ ਸਾਊਥ ਅਫਰੀਕਾ, ਬਰਾਜ਼ੀਲ, ਪੇਰੂ, ਬੋਲੀਵੀਆ, ਇਕਵਾਡੋਰ, ਪਨਾਮਾ, ਹੋਸਟਰੀਕਾ, ਨਿਕਾਰਾਗੋਆ, ਹੰਡਸ, ਗੁਆਟੇਮਾਲਾ, ਮੈਕਸੀਕੋ ਤੇ ਬਾਅਦ ਅਮਰੀਕਾ ਦਾ ਬਾਰਡਰ ਕਰਾਸ ਕਰਦੇ ਸਮੇਂ 25 ਜਨਵਰੀ ਨੂੰ ਬਾਰਡਰ ’ਤੇ ਫੜਿਆ ਗਿਆ। 3 ਫਰਵਰੀ ਨੂੰ ਉੱਥੋਂ ਦੀ ਪੁਲਿਸ ਨੇ ਹੱਥਕੜੀਆਂ ਲਗਾ ਕੇ ਜਹਾਜ਼ ਵਿੱਚ ਬਿਠਾ ਦਿੱਤਾ ਅਤੇ ਵਾਪਸ ਭਾਰਤ ਭੇਜ ਦਿੱਤਾ। ਪਨਾਮਾ ਦੇ ਜੰਗਲ ਵਿੱਚ ਤਿੰਨ ਦਿਨ ਪੈਦਲ ਚੱਲਿਆ ਤੇ ਡੌਂਕੀ ਲਗਾ ਕੇ ਅਮਰੀਕਾ ਪੁੱਜਾ। ਜਸਕਰਨ ਸਿੰਘ ਪਿੰਡ ਚਹੇੜੂ ਫਗਵਾੜਾ ਦਾ ਵਸਨੀਕ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਹੱਥਕੜੀਆਂ ਲਗਾ ਕੇ ਭੇਜਿਆ ਗਿਆ ਤੇ ਖਾਣੇ ਲਈ ਬਿਸਕੁੱਟ ਤੇ ਚਿਪਸ ਆਦਿ ਹੀ ਦਿੱਤੇ ਗਏ। ਪਿੰਡ ਚਹੇੜੂ ਦੇ ਸਰਪੰਚ ਸਰਵਨ ਸਿੰਘ ਦਿਓ ਨੇ ਦੱਸਿਆ ਕਿ ਅਮਰੀਕਾ ਸਰਕਾਰ ਦਾ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਤਰੀਕਾ ਬਿਲਕੁੱਲ ਠੀਕ ਨਹੀਂ ਸੀ। ਹੱਥਕੜੀਆਂ ਲਗਾ ਕੇ ਪੈਰਾਂ ਵਿੱਚ ਬੇੜੀਆਂ ਨਾਲ ਜਕੜ ਕੇ ਭੁੱਖੇ ਪਿਆਸੇ ਆਰਮੀ ਜਹਾਜ਼ ਵਿੱਚ ਭੇਜਿਆ ਗਿਆ। ਜਸਕਰਨ ਦੇ ਪਿਤਾ ਜੋਗਾ ਸਿੰਘ ਦੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਕਿ ਜੇਕਰ ਬੇਟੇ ਨੂੰ ਇੱਥੇ ਹੀ ਕੋਈ ਰੁਜ਼ਗਾਰ ਮਿਲ ਜਾਂਦਾ ਤਾਂ ਉਹ ਕਦੇ ਆਪਣੇ ਬੱਚੇ ਨੂੰ ਵਿਦੇਸ਼ ਨਹੀਂ ਭੇਜਦੇ।



