
ਲੁਧਿਆਣਾ, 8 ਮਾਰਚ- ਲੁਧਿਆਣਾ ਦੇ ਸਾਈਬਰ ਕ੍ਰਾਈਮ ਦੀ ਟੀਮ ਨੇ 4.5 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਲੋੜੀਦੇ ਮੁਲਜ਼ਮ ਨੂੰ ਰਾਜਸਥਾਨ ਦੇ ਜੈਪੁਰ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ। ਉਕਤ ਮੁਲਜ਼ਮ ਸਾਈਬਰ ਕ੍ਰਾਈਮ ਦੀ ਇੱਕ ਧੋਖਾਧੜੀ ਦੇ ਮਾਮਲੇ ’ਚ ਫਰਜ਼ੀ ਖਾਤੇ ਮੁਹੱਈਆ ਕਰਵਾਉਣ ਦਾ ਮਾਸਟਰ ਮਾਈਂਡ ਹੈ। ਸਾਈਬਰ ਕ੍ਰਾਈਮ ਦੀ ਟੀਮ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਦੇਸ਼ ਭਰ ’ਚ ਹੋਏ ਸਾਈਬਰ ਕ੍ਰਾਈਮ ਦੇ ਕਈ ਮਾਮਲਿਆਂ ਬਾਰੇ ਪਰਦਾਫਾਸ਼ ਹੋਣ ਦੀ ਉਮੀਦ ਹੈ। ਜਾਣਕਾਰੀ ਦਿੰਦਿਆਂ ਥਾਣਾ ਸਾਈਬਰ ਕ੍ਰਾਈਮ ਦੇ ਮੁਖੀ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੜਤਾਲ ਦੌਰਾਨ ਪਾਇਆ ਕਿ ਮੁਲਜ਼ਮ ਰੋਹਿਤ 4.5 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਮਾਸਟਰ ਮਾਈਂਡ ਸੀ। ਉਹ ਕਿਸੇ ਹੋਰ ਕੇਸ ’ਚ ਜੈਪੁਰ ਜੇਲ ’ਚ ਬੰਦ ਸੀ। ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ। ਮੁਲਜ਼ਮ ਦੇ ਸਾਥੀ ਪੰਕਜ ਨਾਰੰਗ, ਅਤੇ ਚੰਦਰ ਮੋਹਨ ਪਹਿਲੋਂ ਤੋਂ ਹੀ ਰਾਜਸਥਾਨ ਦੇ ਗੰਗਾਨਗਰ ਤੇ ਤੀਜਾ ਮੁਲਜ਼ਮ ਵਿਕਰਮ ਯਾਦਵ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਇੰਝ ਦਿੱਤਾ ਗਿਆ ਸੀ ਸਾਈਬਰ ਠੱਗੀ ਦੀ ਵਾਰਦਾਤ ਨੂੰ ਅੰਜਾਮ
ਇੰਸ. ਸਤਬੀਰ ਸਿੰਘ ਨੇ ਦੱਸਿਆ ਕਿ 3 ਜੂਨ 2024 ਨੂੰ ਮਾਡਲ ਟਾਊਨ ਨਿਵਾਸੀ ਰਸਪਾਲ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਇੱਕ ਵ੍ਹਟਸਐਪ ਗਰੁੱਪ ’ਚ ਸ਼ਾਮਲ ਕੀਤਾ। ਇਸ ਗਰੁੱਪ ’ਚ ਬਾਜ਼ਾਰ ’ਚ ਨਿਵੇਸ਼ ਕਰਨ ਲਈ ਸੁਝਾਅ ਸਾਂਝੇ ਕੀਤੇ ਜਾ ਰਹੇ ਸਨ। ਝਾਂਸੇ ’ਚ ਲੈ ਕੇ ਮੁਲਜ਼ਮਾਂ ਨੇ ਰਸ਼ਪਾਲ ਸਿੰਘ ਨੂੰ ਪਹਿਲਾਂ ਥੋੜ੍ਹਾ ਬਹੁਤ ਮੁਨਾਫਾ ਦਿੱਤਾ। ਜਾਲ ’ਚ ਫਸਾ ਕੇ ਮੁਲਜ਼ਮਾਂ ਨੇ ਰਸ਼ਪਾਲ ਸਿੰਘ ਰਾਹੀਂ ਵੱਡਾ ਨਿਵੇਸ਼ ਕਰਨ ਲਈ ਉਸ ਨੂੰ ਮਨਾ ਲਿਆ। ਮੁਲਜ਼ਮਾਂ ਨੇ ਉਸ ਕੋਲੋਂ 4.5 ਕਰੋੜ ਰੁਪਏ ਦੀ ਰਕਮ ਵੱਖ-ਵੱਖ ਬੈਂਕ ਖਾਤਿਆਂ ’ਚ ਟ੍ਰਾਂਸਫਰ ਕਰਵਾ ਲਈ। ਮੋਟੀ ਰਕਮ ਹਾਸਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਰਸ਼ਪਾਲ ਸਿੰਘ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਨੇ ਖੁਦ ਨੂੰ ਠੱਗਿਆ ਮਹਿਸੂਸ ਕੀਤਾ ਤੇ ਇਸ ਸਬੰਧੀ ਥਾਣਾ ਸਾਈਬਰ ਸੈੱਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇੰਸ. ਸਤਬੀਰ ਸਿੰਘ ਦਾ ਕਹਿਣਾ ਹੈ ਕਿ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਮੁਲਜ਼ਮ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।



