
ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)- ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਤਸਕਰਾਂ ਨੂੰ 358 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਖਾਈ ਅੱਡਾ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਰਾਹੁਲ ਅਤੇ ਵਿਸ਼ਾਲ ਪੁੱਤਰ ਪੋਲਾ ਪੁੱਤਰਾਨ ਸ਼ਿੰਦਾ ਵਾਸੀਅਨ ਬਸਤੀ ਆਵਾ ਆਪਸ ਵਿਚ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਦੋਵੇਂ ਜੇਣੇ ਕਾਰ ਵੈਕਸਵੈਗਨ ਵੈਨਟੋ ਨੰਬਰ ਡੀ.ਐੱਸ 4 ਸੀ ਏਟੀ 0522 ’ਤੇ ਸਵਾਰ ਹੋ ਕੇ ਸੜਕ ਕਿਨਾਰੇ ਰੁਕ ਕੇ ਹੈਰੋਇਨ ਵੇਚਣ ਲਈ ਕਿਸੇ ਗਾਹਕ ਦੀ ਉਡੀਕ ਕਰ ਰਹੇ ਸਨ। ਜੇਕਰ ਹੁਣੇ ਇਨ੍ਹਾਂ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 358 ਗ੍ਰਾਮ ਹੈਰੋਇਨ ਅਤੇ ਇਕ ਕਾਰ ਵੈਕਸਵੈਗਨ ਵੈਨਟੋ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।



