32 ਸਾਲ ਬਾਅਦ ਮਿਲਿਆ ਇਨਸਾਫ਼ ! ਪੰਜਾਬ ‘ਚ ਫਰਜ਼ੀ ਐਨਕਾਊਂਟਰ ‘ਤੇ ਸੇਵਾਮੁਕਤ SSP ਤੇ DSP ਸਮੇਤ 5 ਨੂੰ ਉਮਰ ਕੈਦ ਦੀ ਸਜ਼ਾ

ਐੱਸ ਏ ਐੱਸ ਨਗਰ, 4 ਅਗਸਤ : ਸਾਲ 1993 ਵਿੱਚ ਤਰਨਤਾਰਨ ਵਿੱਚ ਹੋਏ ਫਰਜ਼ੀ ਐਨਕਾਊਂਟਰ ਕੇਸ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 32 ਸਾਲਾਂ ਬਾਅਦ ਸਜ਼ਾ ਸੁਣਾਉਂਦੇ ਹੋਏ 5 ਪੁਲਿਸ ਅਫ਼ਸਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਇਨ੍ਹਾਂ ਵਿੱਚ ਰਿਟਾਇਰਡ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਅਤੇ ਰਿਟਾਇਰਡ ਡੀ.ਐਸ.ਪੀ. ਦਵਿੰਦਰ ਸਿੰਘ ਵੀ ਸ਼ਾਮਲ ਹਨ। ਅਦਾਲਤ ਨੇ ਸਾਰਿਆਂ ਨੂੰ ਕਤਲ ਅਤੇ ਅਪਰਾਧਿਕ ਸਾਜ਼ਿਸ਼ (ਆਈ.ਪੀ.ਸੀ. ਦੀ ਧਾਰਾ 302 ਅਤੇ 120-ਬੀ) ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ 1993 ਦਾ ਹੈ, ਜਦੋਂ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਹੋਇਆ ਦਿਖਾਇਆ ਗਿਆ ਸੀ। ਇਨ੍ਹਾਂ ਵਿੱਚੋਂ 4 ਤਾਂ ਸਪੈਸ਼ਲ ਪੁਲਿਸ ਅਫਸਰ (SPO) ਵਜੋਂ ਤਾਇਨਾਤ ਸਨ। 27 ਜੂਨ 1993 ਨੂੰ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ।
ਫਰਜ਼ੀ ਮੁਕਾਬਲੇ
28 ਜੁਲਾਈ 1993 ਨੂੰ ਡੀ.ਐਸ.ਪੀ. ਭੁਪਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਦੋ ਵੱਖ-ਵੱਖ ਥਾਣਿਆਂ (ਵੈਰੋਵਾਲ ਅਤੇ ਸਹਿਰਾਲੀ) ਵਿੱਚ ਫਰਜ਼ੀ ਮੁਕਾਬਲਿਆਂ ਦੀਆਂ ਐਫ.ਆਈ.ਆਰ. ਦਰਜ ਕੀਤੀਆਂ ਗਈਆਂ, ਜਿਸ ਵਿੱਚ 7 ਲੋਕਾਂ ਨੂੰ ਝੂਠੇ ਐਨਕਾਊਂਟਰ ਵਿੱਚ ਮਾਰਿਆ ਗਿਆ ਦਿਖਾਇਆ ਗਿਆ।



