
ਫ਼ਿਰੋਜ਼ਪੁਰ, 21 ਜਨਵਰੀ (ਬਾਲ ਕਿਸ਼ਨ)– ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 31 ਗੱਟੂ ਚਾਈਨਿਜ਼ ਡੋਰ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਅੱਡਾ ਖਾਈ ਸਿਟੀ ਫਿਰੋਜ਼ਪੁਰ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਹਰਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗਲੀ ਨੰਬਰ 5 ਬੋਹੜ ਵਾਲੀ, ਦਾਖਲੀ ਬਸਤੀ ਭੱਟੀਆਂ ਵਾਲੀ ਸਿਟੀ ਫਿਰੋਜ਼ਪੁਰ ਜੋ ਚਾਈਨਿਜ਼ ਡੋਰ ਬਾਹਰੋਂ ਲਿਆ ਕੇ ਫਿਰੋਜ਼ਪੁਰ ਵਿਚ ਵੇਚਣ ਦਾ ਕੰਮ ਕਰਦਾ ਹੈ, ਜੋ ਇਹ ਸਰਕਾਰ ਵੱਲੋਂ ਚਾਈਨਿਜ਼ ਡੋਰ ਬੈਨ ਕੀਤੀ ਹੋਈ ਹੈ ਅਤੇ ਇਹ ਭਲੀ ਭਾਂਤ ਜਾਣਦਾ ਹੈ ਕਿ ਇਸ ਨਾਲ ਆਮ ਲੋਕਾਂ, ਜਾਨਵਰਾਂ ਅਤੇ ਪੰਛੀਆਂ ਦੀ ਜ਼ਿੰਦਗੀ ਨੂੰ ਖਤਰਾ ਹੈ। ਜੋ ਅੱਜ ਵੀ ਡੇਅਰੀ ਨਜ਼ਦੀਕ ਪੈਟਰੋਲ ਪੰਪ ਬਸਤੀ ਭੱਟੀਆਂ ਵਾਲੀ ਦੇ ਕੋਲ ਰੋਡ ਦੇ ਪਿੱਛੇ ਹਟਵਾ ਖੜਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਚਾਈਨਿਜ਼ ਡੋਰ ਸਮੇਤ ਕਾਬੂ ਆ ਸਕਦਾ ਹੈ। ਜਾਂਚਕਰਤਾ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ 31 ਗੱਟੂ ਚਾਈਨਿਜ਼ ਡੋਰ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



