25-26 ਦਿਨ ਨਹਾਉਣ ਨਹੀਂ ਦਿੱਤਾ, 45 ਦਿਨ ਇਕ ਹੀ ਪੈਂਟ ਪਾਉਣੀ ਪਈ, ਅਮਰੀਕਾ ਤੋਂ ਡਿਪੋਰਟ ਹੋਏ ਗੁਰਮੀਤ ਨੇ ਸੁਣਾਈ ਹੱਡਬੀਤੀ

ਫਤਿਹਗੜ੍ਹ ਸਾਹਿਬ, 17 ਫਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਅਮਰੀਕਨ ਏਅਰ ਫੋਰਸ ਦੇ ਦੂਜੇ ਜਹਾਜ਼ ਰਾਹੀਂ ਸ਼ਨਿਚਰਵਾਰ ਰਾਤ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਿਆ ਪਿੰਡ ਤਲਾਣੀਆ ਦਾ ਨੌਜਵਾਨ ਗੁਰਮੀਤ ਸਿੰਘ ਐਤਵਾਰ ਸਵੇਰੇ ਸਵਾ ਨੌਂ ਵਜੇ ਦੇ ਕਰੀਬ ਆਪਣੇ ਘਰ ਪਰਤਿਆ। ਜਦੋਂ ਗੁਰਮੀਤ ਘਰ ਪਰਤਿਆ ਤਾਂ ਉਸ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਰੋ ਰਹੇ ਸਨ। ਜ਼ਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਗੁਰਮੀਤ ਸਿੰਘ ਘਰ ਪੁੱਜੇ ਅਤੇ ਗੁਰਮੀਤ ਤੇ ਉਸ ਦੇ ਪਰਿਵਾਰ ਨੂੰ ਹੌਸਲਾ ਦਿੱਤਾ। ਇਸ ਮੌਕੇ ਗੁਰਮੀਤ ਸਿੰਘ ਨੇ ਦੱਸਿਆ ਕਿ ਇੰਸਟਾਗਰਾਮ ’ਤੇ ਪੋਸਟ ਦੇਖ ਕੇ ਉਸ ਨੇ ਬਨੂੜ ਦੇ ਏਜੰਟ ਨਾਲ ਸੰਪਰਕ ਕੀਤਾ ਸੀ। ਏਜੰਟ ਨੇ ਮੈਕਸੀਕੋ ਤੱਕ ਸਿੱਧਾ ਜਹਾਜ਼ ਰਾਹੀਂ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਰਸਤੇ ਵਿੱਚੋਂ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਟੈਕਸੀਆਂ ਰਾਹੀਂ ਮੈਕਸੀਕੋ ਪਹੁੰਚਾਇਆ ਗਿਆ। ਪਹਿਲਾਂ ਦਿਹਾੜੀ-ਮਜ਼ਦੂਰੀ ਕਰਨ ਵਾਲੇ ਗੁਰਮੀਤ ਨੂੰ ਏਜੰਟ ਨੂੰ ਪੈਸੇ ਦੇਣ ਲਈ ਆਪਣਾ ਘਰ ਗਹਿਣੇ ਰੱਖਣਾ ਪਿਆ। ਉਸ ਨੇ ਦੱਸਿਆ ਕਿ ਰਸਤੇ ਵਿੱਚ ਭੁੱਖੇ ਰਹਿਣਾ ਪਿਆ ਅਤੇ ਡੰਕਰਾਂ ਤੋਂ ਮਾਰ ਵੀ ਖਾਧੀ। ਏਜੰਟ ਤੋਂ ਪੈਸੇ ਨਾ ਮਿਲਣ ਕਾਰਨ ਡੰਕਰਾਂ ਨੇ ਕਰੰਟ ਵੀ ਲਾਇਆ। 6 ਨਵੰਬਰ ਨੂੰ ਘਰੋਂ ਨਿਕਲੇ ਗੁਰਮੀਤ ਨੂੰ 22 ਦਿਨ ਦਿੱਲੀ ਅਤੇ ਫਿਰ ਕਈ ਦਿਨ ਜੈਪੁਰ ਰੁਕਣਾ ਪਿਆ। ਰਸਤੇ ਵਿੱਚ ਕੈਰੋ ਹੁੰਦੇ ਹੋਏ ਮੈਡਰਿਡ ਪਹੁੰਚੇ, ਜਿੱਥੇ ਪੁਲਿਸ ਨੇ ਫੜ ਲਿਆ। ਮੈਕਸੀਕੋ ਤੋਂ 35 ਕਿਲੋਮੀਟਰ ਪਿੱਛੇ ਡੰਕਰ ਦੇ ਘਰ 6 ਦਿਨ ਰੁਕਣਾ ਪਿਆ ਕਿਉਂਕਿ ਏਜੰਟ ਨੇ ਡੰਕਰ ਨੂੰ ਪੇਮੈਂਟ ਨਹੀਂ ਕੀਤੀ ਸੀ। ਉਸ ਤੋਂ ਬਾਅਦ ਉਸ ਨੂੰ ਮੈਕਸੀਕੋ ਸਿਟੀ, ਫਿਰ ਦੋ ਦਿਨ ਬਾਅਦ ਪਨਾਸਕੋ ਅਤੇ ਫਿਰ ਮੈਕਸੀਕਲੀ ਲਿਜਾਇਆ ਗਿਆ। ਅਮਰੀਕਾ ਦੇ ਕੈਂਪ ਵਿੱਚ ਗੁਰਮੀਤ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਾਣ ਲਈ ਸਿਰਫ਼ ਥੋੜ੍ਹੀ ਮਾਤਰਾ ਵਿੱਚ ਚੌਲ ਮਿਲਦੇ ਸਨ, ਜਿਨ੍ਹਾਂ ਨੂੰ ਖਾਣ ਲਈ ਵੀ ਮਨ ਨਹੀਂ ਸੀ ਕਰਦਾ। 25-26 ਦਿਨ ਨਹਾਉਣ ਨਹੀਂ ਦਿੱਤਾ ਗਿਆ ਅਤੇ 45 ਦਿਨ ਇੱਕ ਹੀ ਪੈਂਟ ਪਾ ਕੇ ਰੱਖਣੀ ਪਈ। ਬਿਮਾਰੀ ਦੀ ਹਾਲਤ ਵਿੱਚ ਵੀ ਕੱਪੜੇ ਨਹੀਂ ਬਦਲਣ ਦਿੱਤੇ ਗਏ। ਗੁਰਮੀਤ ਨੇ ਦੱਸਿਆ ਕਿ ਜਦੋਂ ਉਸ ਨੂੰ ਬੁਖਾਰ ਹੋਇਆ ਤਾਂ ਦਵਾਈ ਨਹੀਂ ਦਿੱਤੀ ਗਈ ਤੇ ਕਿਹਾ ਗਿਆ ਕਿ ਪਾਣੀ ਪੀਓ, ਇਸ ਨਾਲ ਹੀ ਬੁਖਾਰ ਉਤਰੇਗਾ। ਉਸ ਨੇ ਕਿਹਾ ਕਿ ਕਿੰਨੇ ਹੀ ਦਿਨ ਉਸ ਨੂੰ ਸੂਰਜ ਦੇਖਣਾ ਵੀ ਨਸੀਬ ਨਹੀਂ ਹੋਇਆ। ਜਹਾਜ਼ ਵਿੱਚ ਉਸ ਨੂੰ ਹੱਥਕੜੀਆਂ, ਬੇੜੀਆਂ ਨਾਲ ਬਹੁਤ ਜਕੜ ਕੇ ਰੱਖਿਆ ਗਿਆ। ਖਾਣਾ ਖਾਣ ਲਈ ਹੱਥ ਵੀ ਮੁਸ਼ਕਲ ਨਾਲ ਹੀ ਮੂੰਹ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਬਾਥਰੂਮ ਆਦਿ ਜਾਣ ਲਈ ਵੀ ਬਹੁਤ ਮੁਸ਼ਕਲ ਆਉਂਦੀ ਸੀ। ਗੁਰਮੀਤ ਨੇ ਕਿਹਾ ਉਹ 12ਵੀਂ ਪਾਸ ਹੈ ਤੇ ਅਮਰੀਕਾ ਜਾਣ ਤੋ ਪਹਿਲਾਂ ਉਹ ਦਿਹਾੜੀ ਕਰਦਾ ਸੀ। ਜਦੋਂ ਘਰ ਚੱਲਦਾ ਨਾ ਦਿਸਿਆ ਤਾਂ ਉਸ ਨੇ ਵਿਦੇਸ਼ ਜਾਣ ਦਾ ਸੁਪਨਾ ਦੇਖਣਾ ਸ਼ਰੂ ਕਰ ਦਿੱਤਾ। ਇਸ ਦੌਰਾਨ ਉਹ ਟਰੈਵਲ ਏਜੰਟ ਦੇ ਸੰਪਰਕ ਵਿਚ ਆਇਆ ਜਿਸ ਨੇ ਉਸ ਨੂੰ ਹਵਾਈ ਜਹਾਜ਼ ਰਾਹੀਂ 15 ਦਿਨ ਅੰਦਰ ਅਮਰੀਕਾ ਪਹੁੰਚਾਉਣ ਦਾ ਭਰੋਸਾ ਦਿਵਾਇਆ ਸੀ ਜਿਸ ਦੇ ਲਈ ਉਸ ਨੇ ਕਰਜ਼ਾ ਚੁੱਕ ਕੇ 25 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਸਨ। ਅਮਰੀਕਾ ਤੱਕ ਦੇ ਕਰੀਬ ਤਿੰਨ ਮਹੀਨੇ ਦੇ ਸਫਰ ਦੌਰਾਨ ਡੰਕਰਾਂ ਵੱਲੋਂ ਹੋਰ ਪੈਸੇ ਦੀ ਮੰਗ ਕੀਤੀ ਗਈ, ਉਸ ’ਤੇ ਤਸ਼ਦੱਦ ਢਾਏ ਗਏ, ਕੁੱਟਿਆ ਗਿਆ, ਕਰੰਟ ਲਗਾਇਆ ਗਿਆ, ਭੁੱਖਾ ਰੱਖਿਆ ਗਿਆ, ਕਈ–ਕਈ ਦਿਨ ਸਿਰਫ ਪਾਣੀ ਪੀ ਕੇ ਗੁਜ਼ਾਰੇ ਤੇ ਮੋਬਾਈਲ ਖੋਹ ਲਿਆ ਗਿਆ, ਟਾਰਚਰ ਕਰਕੇ ਪੈਸੇ ਲਏ ਪਰ ਉਸ ਨੇ ਵਾਹਿਗੁਰੂ ਦੇ ਜਾਪ ਨਹੀਂ ਛੱਡਿਆ। ਉਸ ਨੂੰ ਹਵਾਈ ਰਸਤੇ ਦੀ ਬਜਾਏ ਸਮੁੰਦਰ ਤੇ ਟੈਕਸੀ ਰਾਹੀਂ ਲਿਜਾਇਆ ਗਿਆ ਪਰ ਉਸ ਨੇ ਆਪਣਾ ਦਰਦ ਮਾਪਿਆਂ ਤੇ ਪਤਨੀ ਕੋਲ ਬਿਆਨ ਨਹੀਂ ਕੀਤਾ। ਗੁਰਮੀਤ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਪਾਲ ਸਕੇ ਤੇ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਬਣ ਸਕੇ। ਉਸ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਡੰਕੀਆਂ ਲਗਾਉਣ ਦੀ ਬਜਾਏ ਆਪਣੇ ਪਰਿਵਾਰ ਨੂੰ ਦੇਖਣ ਜਾਂ ਫਿਰ ਲੀਗਲ ਵੀਜ਼ੇ ਰਾਹੀਂ ਵਿਦੇਸ਼ ਜਾਣ।



