Punjab

19 ਗ੍ਰਾਮ ਹੈਰੋਇਨ ਸਮੇਤ 4 ਗ੍ਰਿਫ਼ਤਾਰ, ਮਾਮਲਾ ਦਰਜ

ਬਾਲ ਕਿਸ਼ਨ

ਫਿਰੋਜ਼ਪੁਰ, 15 ਅਕਤੂਬਰ : ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 4 ਵਿਅਕਤੀਆਂ ਨੂੰ 19 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨੀਂ ਗਸ਼ਤ ਲਈ ਰਵਾਨਾ ਹੋਈ ਸੀ ਤਾਂ ਇਸ ਦੌਰਾਨ ਹਰਮਨ ਉਰਫ ਅਮਨ ਪੁੱਤਰ ਹਰਬੰਸ ਵਾਸੀ ਨਿਊ ਜਨਤਾ ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਪਾਸੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਸਿਮਰਨ ਉਰਫ ਮਾਨੀ ਪੁੱਤਰ ਤਰਸੇਮ ਸਿੰਘ ਵਾਸੀ ਖਾਈ ਫੇਮੇ ਕੀ ਨੂੰ ਦੌਰਾਨੇ ਨਾਕੇਬੰਦੀ ਕਿਲੇ ਵਾਲਾ ਚੌਕ ਫਿਰੋਜ਼ਪੁਰ ਤੋਂ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਆਰਿਫ ਕੇ ਪੁਲਿਸ ਦੇ ਐੱਸਐੱਚਓ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਲਈ ਰਵਾਨਾ ਸੀ ਤਾਂ ਜਦੋਂ ਪਿੰਡ ਆਰਿਫ ਕੇ ਸਰਕਾਰੀ ਸਕੂਲ ਦੀ ਕੰਧ ਕੋਲ ਪੁੱਜੀ ਤਾਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਲਾਡੀ ਵਾਸੀ ਗੈਂਦੜ ਆਰਿਫ ਕੇ ਖੜ੍ਹਾ ਵਿਖਾਈ ਦਿੱਤਾ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਤੇ ਉਸ ਵੱਲੋਂ ਸੁੱਟੇ ਗਏ ਮੋਮੀ ਪਾਰਦਰਸ਼ੀ ਲਿਫਾਫੇ ਨੂੰ ਚੈੱਕ ਕਰਨ ’ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਕੁੱਲਗੜ੍ਹੀ ਪੁਲਿਸ ਦੇ ਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਮੱਲਵਾਲ ਕਦੀਮ ਤੋਂ ਸਤੀਏ ਵਾਲਾ ਨੂੰ ਜਾਂਦੀ ਸੜਕ ਦੇ ਸੱਜੇ ਪਾਸੇ ਖਾਲੀ ਪਲਾਟਾਂ ਵਿਚ ਪੁੱਜੀ ਤਾਂ ਇੱਕ ਨੌਜਵਾਨ ਸਰਵਣ ਉਰਫ ਸੋਨੂੰ ਪੁੱਤਰ ਮੁਸਤਾਕ ਵਾਸੀ ਪਿੰਡ ਝੋਕ ਹਰੀਹਰ ਖੜ੍ਹਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।

Related Articles

Leave a Reply

Your email address will not be published. Required fields are marked *

Back to top button