
ਤਰਨਤਾਰਨ, 28 ਨਵੰਬਰ : ਤਰਨਤਾਰਨ ਦੇ ਮੁਹੱਲਾ ਨਾਨਕਸਰ ਵਾਸੀ 18 ਸਾਲਾ ਨੌਜਵਾਨ ਦੀ ਵੀਰਵਾਰ ਨੂੰ ਇਲਾਕੇ ਦੇ ਹੀ ਇਕ ਸੁੰਨਸਾਨ ਕਮਰੇ ਵਿੱਚੋਂ ਲਾਸ਼ ਮਿਲਣ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ’ਤੇ ਪਰਿਵਾਰ ਨੇ ਸਵਾਲ ਖੜ੍ਹੇ ਕਰਦਿਆਂ ਸ਼ਹਿਰ ਦੇ ਭੀੜ ਭਰੇ ਇਲਾਕੇ ਵਾਲੇ ਰੋਹੀ ਵਾਲਾ ਪੁਲ ਉੱਪਰ ਧਰਨਾ ਲਾ ਦਿੱਤਾ। ਧਰਨੇ ’ਚ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵੀ ਪਰਿਵਾਰ ਦੀ ਹਮਾਇਤ ’ਤੇ ਉੱਤਰ ਆਏ। ਪਰਿਵਾਰ ਦਾ ਦੋਸ਼ ਸੀ ਕਿ ਜੋ ਕਾਰਵਾਈ ਪੁਲਿਸ ਨੇ ਕੀਤੀ ਹੈ, ਉਹ ਉਸ ਤੋਂ ਸਹਿਮਤ ਨਹੀਂ ਹਨ। ਕਿਉਂਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਕਿਸੇ ਵੱਲੋਂ ਨਸ਼ੇ ਦਾ ਟੀਕਾ ਲਾਏ ਜਾਣ ਕਰ ਕੇ ਹੋਈ ਹੈ। ਜਦੋਂਕਿ ਉਨ੍ਹਾਂ ਲੜਕਾ ਨਸ਼ਾ ਨਹੀਂ ਸੀ ਕਰਦਾ। ਦੂਜੇ ਪਾਸੇ ਮਾਮਲਾ ਡੀਐੱਸਪੀ ਦਫਤਰ ਤੱਕ ਪੁੱਜ ਗਿਆ ਤਾਂ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਦੇਰ ਸ਼ਾਮ ਧਰਨਾ ਚੁੱਕ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਅਭੈ ਕੁਮਾਰ ਉਰਫ ਅਭੀ ਦੇ ਪਿਤਾ ਵਿਜੇ ਕੁਮਾਰ ਪੁੱਤਰ ਬਾਊ ਰਾਮ ਵਾਸੀ ਗਲੀ ਮੇਹਰ ਸਿੰਘ ਸਕੂਲ ਵਾਲੀ ਮੁਹੱਲਾ ਨਾਨਕਸਰ ਤਰਨਤਾਰਨ ਨੇ ਦੱਸਿਆ ਕਿ ਉਸਦਾ ਲੜਕਾ ਵਾਲ ਕਟਵਾਉਣ ਦਾ ਕਹਿ ਕੇ ਬੁੱਧਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਘਰੋਂ ਗਿਆ ਅਤੇ ਮੁੜ ਰਾਤ ਭਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਅਭੀ ਦੀ ਲਾਸ਼ ਮੁਹੱਲੇ ਦੀ ਹੀ ਇਕ ਗਲੀ ਦੇ ਸੁਨਸਾਨ ਕਮਰੇ ਵਿਚ ਮਿਲੀ। ਕੌਂਸਲਰ ਸੰਜੀਵ ਕੁੰਦਰਾ, ਮਨੋਜ ਅਗਨੀਰੋਤਰੀ ਤੇ ਜਸਪ੍ਰੀਤ ਸਿੰਘ ਦੀ ਮੌਜੂਦਗੀ ਵਿਚ ਪਰਿਵਾਰ ਨੇ ਦੋਸ਼ ਲਗਾਇਆ ਕਿ ਅਭੀ ਨਸ਼ਾ ਕਰਨ ਦਾ ਆਦੀ ਨਹੀਂ ਸੀ, ਫਿਰ ਵੀ ਉਸ ਨੂੰ ਕਿਸੇ ਨੇ ਨਸ਼ੇ ਦਾ ਟੀਕਾ ਲਗਾਇਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਨੂੰ ਟੀਕਾ ਲਗਾਉਣ ਵਾਲੇ ਦੀ ਪਛਾਣ ਵੀ ਦੱਸੀ ਹੈ ਪਰ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ’ਤੇ ਕਾਰਵਾਈ ਕਰਨ ਦੀ ਬਜਾਏ ਸ਼ੱਕੀ ਹਲਾਤਾਂ ਵਿਚ ਮੌਤ ਹੋਣ ਸਬੰਧੀ ਰਪਟ ਦਰਜ ਕਰ ਲਈ। ਇਸ ਮੌਕੇ ਉਕਤ ਕੌਂਸਲਰਾਂ ਨੇ ਕਿਹਾ ਕਿ ਅਭੀ ਦੇ ਪਰਿਵਾਰ ਮੁਤਾਬਿਕ ਉਸਨੇ ਕਦੇ ਵੀ ਟਕੇ ਵਾਲਾ ਨਸ਼ਾ ਨਹੀਂ ਸੀ ਕੀਤਾ ਅਤੇ ਜੇਕਰ ਉਸ ਨੂੰ ਕਿਸੇ ਨੇ ਇਹ ਜਾਨਲੇਵਾ ਟੀਕਾ ਲਗਾਇਆ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਧਰਨੇ ਦੌਰਾਨ ਪੁੱਜੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਰਾਣੀ ਕੌਰ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਡੀਐੱਸਪੀ ਦਫਤਰ ਪੁੱਜੇ ਹਨ।



