Punjab

1,600 ਕਰੋੜ ’ਚੋਂ 805 ਕਰੋੜ ਦੇਣ ਦੇ ਸ਼ਾਹ ਦੇ ਦਾਅਵੇ ‘ਤੇ ਛਿੜਿਆ ਵਿਵਾਦ

ਪੰਜਾਬ ਸਰਕਾਰ ਬੋਲੀ- ਇਕ ਪੈਸਾ ਨਹੀਂ ਮਿਲਿਆ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 2 ਅਕਤੂਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ’ਚ ਭਿਆਨਕ ਹੜ੍ਹ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਨੂੰ ਜਿਹੜੇ 1600 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਐਲਾਨਿਆ ਗਿਆ ਹੈ, ਉਸਦਾ ਆਕਾਰ ਵਧਾਇਆ ਜਾਏ। ਅਮਿਤ ਸ਼ਾਹ ਨੇ ਕਿਹਾ ਕਿ 1,600 ਕਰੋੜ ਰੁਪਏ ਦਾ ਆਰਥਿਕ ਪੈਕੇਜ ਤਾਂ ਟੋਕਨ ਮਨੀ ਹੈ, ਸੂਬੇ ਨੂੰ ਹੜ੍ਹ ਰਾਹਤ ਪੈਕੇਜ ਦੇ ਰੂਪ ’ਚ ਹੋਰ ਪੈਸਾ ਦਿੱਤਾ ਜਾਏਗਾ। ਸ਼ਾਹ ਨੇ ਇਹ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿੱਤਾ ਕਿ 1,600 ਕਰੋੜ ’ਚੋਂ 805 ਕਰੋੜ ਕੇਂਦਰ ਸਰਕਾਰ ਸੂਬੇ ਨੂੰ ਪਹਿਲਾਂ ਹੀ ਦੇ ਚੁੱਕੀ ਹੈ, ਬਾਕੀ ਰਕਮ ਵੀ ਛੇਤੀ ਭੇਜ ਦਿੱਤੀ ਜਾਏਗੀ। ਹੜ੍ਹ ਲਈ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਮੁੱਖ ਮੰਤਰੀ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਸੀ ਕਿ 1,600 ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਕੋਈ ਪੈਸਾ ਹਾਲੇ ਤੱਕ ਨਹੀਂ ਆਇਆ। ਹੁਣ ਗ੍ਰਹਿ ਮੰਤਰੀ ਸ਼ਾਹ ਨੇ ਮੁੱਖ ਮੰਤਰੀ ਮਾਨ ਨਾਲ ਕੱਲ੍ਹ ਦੀ ਬੈਠਕ ’ਚ 805 ਕਰੋੜ ਰੁਪਏ ਜਾਰੀ ਕਰ ਦਿੱਤੇ ਜਾਣ ਦਾ ਦਾਅਵਾ ਕੀਤਾ। ਉਨ੍ਹਾਂ ਮੁਤਾਬਕ ਇਸ ਰਕਮ ’ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਮਨਜ਼ੂਰ ਕੀਤੇ ਗਏ 170 ਕਰੋੜ ਰੁਪਏ ਵੀ ਸ਼ਾਮਲ ਹਨ। ਸ਼ਾਹ ਨੇ ਸੂਬਾ ਸਰਕਾਰ ਨੂੰ ਪੂਰੇ ਨੁਕਸਾਨ ’ਤੇ ਡਿਟੇਲ ਮੈਮੋਰੰਡਮ ਭੇਜਣ ਦੀ ਗੱਲ ਵੀ ਕਹੀ ਹੈ ਤਾਂ ਜੋ ਬਾਕੀ ਰਕਮ ਵੀ ਜਾਰੀ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨ ਇਕ ਸਤੰਬਰ ਨੂੰ ਇਕ ਅੰਤਰ ਮੰਤਰਾਲੀ ਕੇਂਦਰੀ ਟੀਮ ਵੀ ਭੇਜੀ ਸੀ ਜਿਸਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਬਾਅਦ ਮੁੱਖ ਸਕੱਤਰ ਸਮੇਤ ਤਮਾਮ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇਸ ’ਚ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦਾ 13,289 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਸੀ। ਇਹੀ ਜਾਣਕਾਰੀ ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਵੀ ਦਿੱਤੀ ਸੀ। ਹੁਣ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਲ 805 ਕਰੋੜ ਰੁਪਏ ਜਾਰੀ ਕਰਨ ਦੀ ਜਿਹੜੀ ਗੱਲ ਕਹੀ ਹੈ, ਉਹ ਸੂਬੇ ਦੇ ਮੰਤਰੀਆਂ ਦੇ ਗਲੇ ਨਹੀਂ ਉਤਰ ਰਹੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨੇ 1600 ਕਰੋੜ ’ਚੋਂ ਕੋਈ ਪੈਸਾ ਪੰਜਾਬ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੇਂਦਰ ਤੋਂ ਸਿਰਫ਼ 240-240 ਕਰੋੜ ਦੀਆਂ ਦੋ ਕਿਸ਼ਤਾਂ ’ਚ ਕੁੱਲ 480 ਕਰੋੜ ਰੁਪਏ ਮਿਲੇ ਹਨ ਜਿਹੜੇ ਹਰ ਸਾਲ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ’ਚ ਹਰ ਸੂਬੇ ਨੂੰ ਮਿਲਣ ਵਾਲੀ ਰੂਟੀਨ ਵਿੱਤੀ ਸਹਾਇਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਸ਼ਾਇਦ 480 ਕਰੋੜ ਰੁਪਏ ਇਸੇ ’ਚ ਸ਼ਾਮਲ ਕਰ ਕੇ ਦੱਸ ਰਹੇ ਹਨ। ਚੀਮਾ ਨੇ ਕਿਹਾ ਕਿ ਕੇਂਦਰ ਵੱਲੋਂ ਐੱਸਡੀਆਰਐੱਫ ’ਚ 480 ਕਰੋੜ ਦੀ ਜਿਹੜੀ ਰਾਸ਼ੀ ਭੇਜੀ ਗਈ ਹੈ, ਉਸ ਵਿਚ ਸੂਬਾ ਸਰਕਾਰ ਦੇ 120 ਕਰੋੜ ਰੁਪਏ ਦੇ ਹਿੱਸੇ ਨੂੰ ਮਿਲਾ ਕੇ ਇਹ 600 ਕਰੋੜ ਰੁਪਏ ਬਣਦਾ ਹੈ। ਗ੍ਰਹਿ ਮੰਤਰੀ 170 ਕਰੋੜ ਰੁਪਏ ਐੱਨਐੱਚਏਆਈ ਜ਼ਰੀਏ ਮਨਜ਼ੂਰ ਕਰਨ ਦੀ ਗੱਲ ਕਰ ਰਹੇ ਹਨ। ਇਸ ਹਾਲਤ ’ਚ ਮੁੜ ਪ੍ਰਧਾਨ ਮੰਤਰੀ ਵੱਲੋਂ ਜਿਹੜੀ 1,600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ, ਉਹ ਕਿੱਥੇ ਹੈ? ਚੀਮਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਐੱਸਡੀਆਰਐੱਫ ਦਾ ਹੀ ਪੈਸਾ ਦੇਣਾ ਸੀ ਤਾਂ 1,600 ਕਰੋੜ ਦੀ ਰਕਮ ਦਾ ਐਲਾਨ ਕਰਦੇ ਸਮੇਂ ਇਹ ਸਪਸ਼ਟ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਨਾ ਕਰਦੇ ਤਾਂ ਵੀ ਪੰਜਾਬ ਨੂੰ 600 ਕਰੋੜ ਰੁਪਏ ਤਾਂ ਐੱਸਡੀਆਰਐੱਫ ’ਚ ਮਿਲਣੇ ਹੀ ਸਨ। ਅਜਿਹੇ ’ਚ ਤਕਨੀਕੀ ਰੂਪ ਨਾਲ ਤਾਂ ਕੇਂਦਰ ਸਰਕਾਰ ਨੇ ਪੰਜਾਬ ’ਚ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਇਕ ਹਜ਼ਾਰ ਕਰੋੜ ਰੁਪਏ ਹੀ ਦਿੱਤੇ ਹਨ ਜਦਕਿ ਅਸੀਂ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button