11 ਤੋਂ 20 ਅਪ੍ਰੈਲ ਤੱਕ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਦਾ 462ਵਾਂ ਪ੍ਰਕਾਸ਼ ਪੁਰਬ
17 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਤਰਨ ਤਾਰਨ, 3 ਅਪ੍ਰੈਲ- ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 462ਵਾਂ ਪ੍ਰਕਾਸ਼ ਪੁਰਬ 11 ਤੋਂ 20 ਅਪ੍ਰੈਲ ਤੱਕ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਦਸ ਦਿਨ ਤੱਕ ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ ਤੇ ਤਿੰਨ ਦਿਨ ਦੇ ਸਮਾਗਮ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਹੋਣਗੇ। ਜਦੋਂਕਿ 17 ਅਪ੍ਰੈਲ ਨੂੰ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਜਿਸ ’ਚ ਇਲਾਕੇ ਭਰ ਦੀ ਸੰਗਤ ਹਾਜ਼ਰੀ ਭਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ 11 ਅਪ੍ਰੈਲ ਨੂੰ ਪਹਿਲੇ ਦਿਨ ਦੇ ਸਮਾਗਮ ਗੁਰਦੁਆਰਾ ਗੁਰੂ ਕਾ ਖੂਹ ਵਿਖੇ ਹੋਣਗੇ। ਇਸੇ ਤਰ੍ਹਾਂ ਦੂਸਰੇ ਦਿਨ ਦੇ ਸਮਾਗਮ ਗੁਰਦੁਆਰਾ ਸਿੰਘ ਸਭਾ ਆਫੀਸਰ ਐਵੀਨਿਊ ਫੋਕਲ ਪੁਆਇੰਟ, ਤੀਸਰੇ ਦਿਨ ਦੇ ਸਮਾਗਮ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਫਤਹਿਚੱਕ, ਚੌਥੇ ਦਿਨ ਦੇ ਸਮਾਗਮ ਗੁਰਦੁਆਰਾ ਭਗਤ ਨਾਮਦੇਵ ਜੀ ਮੁਹੱਲਾ ਟਾਂਕ ਕੁਸ਼ੱਤਰੀ, ਪੰਜਵੇਂ ਦਿਨ ਦੇ ਸਮਾਗਮ ਗੁਰਦੁਆਰਾ ਖੂਹ ਬੀਬੀ ਭਾਨੀ ਜੀ, ਛੇਵੇਂ ਦਿਨ ਦੇ ਸਮਾਗਮ ਗੁਰਦੁਆਰਾ ਪੁਲਿਸ ਕਾਲੋਨੀ ਅੰਮ੍ਰਿਤਸਰ ਰੋਡ ਤਰਨਤਾਰਨ, ਸੱਤਵੇਂ ਦਿਨ ਦੇ ਸਮਾਗਮ ਗੁਰਦੁਆਰਾ ਸਿੰਘ ਸਭਾ ਮੁਰਾਦਪੁਰ ਵਿਖੇ ਹੋਣਗੇ। ਇਹ ਸਾਰੇ ਸਮਾਗਮ ਸ਼ਾਮ ਸਾਢੇ 6 ਤੋਂ ਰਾਤ 10 ਵਜੇ ਤੱਕ ਕਰਵਾਏ ਜਾਣਗੇ। ਇਸੇ ਦਿਨ ਹੀ 17 ਅਪ੍ਰੈਲ ਨੂੰ ਅਲੋਕਿਕ ਨਗਰ ਕੀਰਤਨ ਸਵੇਰੇ 9 ਵਜੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾ ਅਸਥਾਨ ਸਰਾਂ ਤੋਂ ਸਜਾਇਆ ਜਾਵੇਗਾ। ਜਦੋਂਕਿ 18 ਤੋਂ 20 ਅਪ੍ਰੈਲ ਤੱਕ ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ਵਿਚ ਤਿੰਨ ਦਿਨ ਗੁਰਮਤਿ ਸਮਾਗਮ ਮੈਨੇਜਰ ਸ੍ਰੀ ਦਰਬਾਰ ਸਾਹਿਬ ਧਰਵਿੰਦਰ ਸਿੰਘ ਮਾਣੋਚਾਹਲ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾਣਗੇ। 18 ਅਪ੍ਰੈਲ ਦੇ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਬਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਅਤੇ ਸ਼ਾਮ 5 ਤੋਂ ਰਾਤ 11 ਵਜੇ ਤੱਕ ਚੱਲਣਗੇ। ਇਸੇ ਤਰ੍ਹਾਂ 19 ਅਪ੍ਰੈਲ ਨੂੰ ਸ਼ਾਮ 5 ਤੋਂ ਰਾਤ 12 ਵਜੇ ਤੱਕ ਅਤੇ 20 ਅਪ੍ਰੈਲ ਨੂੰ ਮੁੱਖ ਸਮਾਗਮ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਨਾਲ ਆਰੰਭ ਹੋਣਗੇ। ਰਾਤ 12 ਵਜੇ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ’ਚ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਤੇ ਅਖੀਰ ’ਚ ਭਾਈ ਦਵਿੰਦਰ ਸਿੰਘ ਸੋਢੀ ਰਾਤ 12 ਵਜੇ ਸਮਾਗਮ ਦੀ ਸਮਾਪਤੀ ਕਰਵਾਉਣਗੇ। ਇਸ ਮੌਕੇ ਸੰਗਤ ਵੱਲੋਂ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ ਮਠਿਆਈਆਂ ਦੇ ਪ੍ਰਸ਼ਾਦ ਵੀ ਵਰਤਣਗੇ।



