
ਗੁਰਦਾਸਪੁਰ, 2 ਅਪ੍ਰੈਲ-ਸਦਰ ਥਾਣੇ ਦੀ ਪੁਲਿਸ ਨੇ ਦੋ ਕਾਰ ਸਵਾਰ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਸਤਵਿੰਦਰ ਮਸੀਹ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਬੱਬਰੀ ਬਾਈਪਾਸ ਤੇ ਨਾਕਾਬੰਦੀ ਕੀਤੀ ਹੋਈ ਸੀ। ਵਾਹਨਾਂ ਦੀ ਚੈਕਿੰਗ ਦੌਰਾਨ ਬਟਾਲਾ ਵੱਲੋਂ ਆ ਰਹੀ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਕਾਰ ਦੀ ਤਲਾਸ਼ੀ ਦੌਰਾਨ ਡੈਸ਼ਬੋਰਡ ’ਚੋਂ ਬਰਾਮਦ ਹੋਏ ਇੱਕ ਲਿਫਾਫੇ ’ਚ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੋਣ ’ਤੇ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ। ਥਾਣੇ ਤੋਂ ਪਹੁੰਚੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਕਾਰ ’ਚੋਂ ਬਰਾਮਦ ਹੋਏ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ’ਚੋਂ 11 ਗ੍ਰਾਮ ਹੈਰੋਇਨ ਮਿਲੀ। ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਵਿਕਰਮ ਸਿੰਘ ਅਤੇ ਹਰਸ਼ਿਤ ਸਿਪਾਹੀਆ ਵਾਸੀ ਰਾਜੋਲ ਤਹਿਸੀਲ ਸ਼ਾਹਪੁਰ ਰਾਜੋਲ ਥਾਣਾ ਗੱਗਲ ਜ਼ਿਲ੍ਹਾ ਕਾਂਗੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



