ਪਤੀ ਦੇ ਕਤਲ ਦੇ ਦੋਸ਼ ‘ਚ ਪਤਨੀ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ, ਫੌਰੈਂਸਿਕ ਜਾਂਚ ਬਾਅਦ ਵੱਡੇ ਖ਼ੁਲਾਸੇ ਹੋਣ ਦੀ ਉਮੀਦ

ਫਿਰੋਜ਼ਪੁਰ, 23 ਜਨਵਰੀ- ਫਿਰੋਜ਼ਪੁਰ ਛਾਉਣੀ ਦੇ ਭਾਰਤੀ ਮਿੱਤਲ ਗੈਸਟ ਹਾਊਸ ਵਿਖੇ ਬੀਤੀ ਦੇਰ ਰਾਤ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਹੋਈ ਹੱਤਿਆ ਦੇ ਮਾਮਲੇ ’ਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਵਿਚ ਮ੍ਰਿਤਕ ਦੀ ਪਤਨੀ ਅੰਮ੍ਰਿਤਪਾਲ ਕੌਰ, ਉਸ ਦੀ ਭਰਜਾਈ ਗੁੱਡੀ ਤੇ ਹਰਿਆਣਾ ਦੇ ਦੋ ਵਿਅਕਤੀ ਸ਼ਾਮਲ ਹਨ। ਇਹ ਮਾਮਲਾ ਗੈਸਟ ਹਾਊਸ ਦੇ ਕਰਮਚਾਰੀ ਦੇ ਬਿਆਨ ‘ਤੇ ਦਰਜ ਹੋਇਆ। ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਹੋਟਲ ਦੇ ਕੇਅਰ ਟੇਕਰ ਮੈਥਿਊ ਵਾਸੀ ਲਾਲ ਕੁੜਤੀ ਨੇ ਦੱਸਿਆ ਕਿ ਉਹ ਭਾਰਤੀ ਮਿੱਤਲ ਗੈਸਟ ਹਾਊਸ ਵਿੱਚ ਹੋਟਲ ਕੇਅਰਟੇਕਰ ਵਜੋਂ ਕੰਮ ਕਰਦਾ ਹੈ। ਉਸਦੀ ਡਿਊਟੀ ਰਾਤ ਨੂੰ ਹੁੰਦੀ ਹੈ। ਉਹ ਕਮਰੇ ਬੁੱਕ ਕਰਦਾ ਹੈ ਤੇ ਰਾਤ ਨੂੰ ਆਉਣ ਵਾਲੇ ਯਾਤਰੀਆਂ ਨੂੰ ਉਨ੍ਹਾਂ ਦੀ ਹਰ ‘ਸਹੂਲਤ’ ਮੁਹੱਈਆ ਕਰਵਾਉਂਦਾ ਹੈ। 21 ਫਰਵਰੀ ਦੀ ਰਾਤ ਨੂੰ ਕਰੀਬ 9.35 ਵਜੇ, ਮੁਲਜ਼ਮ ਅੰਮ੍ਰਿਤਪਾਲ ਕੌਰ, ਪਤਨੀ ਸੰਨੀ, ਵਾਸੀ ਗੋਬਿੰਦ ਨਗਰ ਦਾਖਲੀ ਖਾਈ ਫੇਮੇ ਕੀ, ਉਸ ਦੀ ਭਰਜਾਈ ਗੁੱਡੀ ਵਾਸੀ ਪਿੰਡ ਅਲਫੂ ਕੇ, ਪ੍ਰੀਤਮ ਕੁਮਾਰ ਤੇ ਵਿਨੋਦ ਕੁਮਾਰ ਵਾਸੀ ਹਰਿਆਣਾ ਇੱਕ ਬਿਨਾਂ ਨੰਬਰ ਵਾਲੀ ਕਾਰ ’ਚ ਆਏ। ਉਨ੍ਹਾਂ ਨੇ ਕਮਰਾ ਨੰਬਰ 21 ਲਿਆ ਤੇ ਉਸ ਵਿੱਚ ਚਲੇ ਗਏ। ਕੁਝ ਸਮੇਂ ਬਾਅਦ, ਮ੍ਰਿਤਕ ਸੰਦੀਪ ਸਿੰਘ ਉਰਫ਼ ਸੰਨੀ (ਵਾਸੀ ਦਿੱਲੀ) ਉੱਥੇ ਪਹੁੰਚਿਆ। ਰਾਤ 11:30 ਵਜੇ ਹੋਟਲ ਕੇਅਰਟੇਕਰ ਮੈਥਿਊ ਨੇ ਹਲਚਲ ਮਹਿਸੂਸ ਕੀਤੀ। ਬਾਹਰ ਨਿਕਲਣ ’ਤੇ, ਉਸ ਨੇ ਮ੍ਰਿਤਕ ਨੂੰ ਖੂਨ ਨਾਲ ਲੱਥਪੱਥ ਦੇਖਿਆ। ਮੈਥਿਊ ਨੇ ਦੱਸਿਆ ਕਿ ਉਸਨੇ ਜ਼ਖਮੀ ਵਿਅਕਤੀ ਦੀ ਪਛਾਣ ਕੀਤੀ ਹੈ ਜੋ ਕਿ ਸੰਦੀਪ ਸਿੰਘ ਉਰਫ਼ ਸੰਨੀ। ਉਹ ਮੁਲਜ਼ਮ ਅੰਮ੍ਰਿਤਪਾਲ ਕੌਰ ਦਾ ਪਤੀ ਸੀ ਅਤੇ ਪਹਿਲੋਂ ਵੀ ਉਥੇ ਆਉਂਦਾ ਜਾਂਦਾ ਰਹਿੰਦਾ ਸੀ। ਉਸਨੇ ਜ਼ਖਮੀ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਪਤਾ ਲੱਗਾ ਕਿ ਸੰਦੀਪ ਸਿੰਘ ਉਰਫ਼ ਸੰਨੀ ਦੀ ਉੱਥੇ ਮੌਤ ਹੋ ਗਈ ਸੀ।
9 ਮਿੰਟ ’ਚ ਹੋ ਗਿਆ ਸਾਰਾ ਕਾਂਡ
ਇਸ ਸਬੰਧੀ ਤਫਤੀਸ਼ ਅਫਸਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੂਟੇਜ਼ ਖੰਗਾਲੇ ਜਾ ਰਹੇ ਹਨ। ਉਧਰ ਪੁਲਿਸ ਸੂਤਰਾਂ ਮੁਤਾਬਿਕ ਪਤਨੀ ਦੇ ਪਿੱਛੇ ਆਇਆ ਪਤੀ ਕਾਫੀ ਗੁੱਸੇ ਵਿਚ ਨਜ਼ਰ ਆ ਰਿਹਾ ਸੀ। ਉਸ ਵੱਲੋਂ ਉਥੇ ਪਹੁੰਚਣ ਤੇ ਸਾਰੀ ਵਾਰਦਾਤ ਹੋਣ ਤੱਕ ਮਹਿਜ਼ 9 ਮਿੰਟ ਵਿਚ ਹੀ ਸਾਰਾ ਕਾਂਡ ਹੋ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪਤੀ ਨੇ ਆਪਣੀ ਪਤਨੀ ਨੂੰ ਗੈਰ ਮਰਦਾਂ ਨਾਲ ਉਤੋਂ ਫੜ ਲਿਆ ਸੀ, ਜਿਸ ਕਾਰਨ ਪਤਨੀ ਅਤੇ ਉਸ ਦੇ ਸਾਥੀਆਂ ਨੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਗੈਸਟ ਹਾਊਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੋਸ਼ੀਆਂ ਦੀਆਂ ਪਹਿਲੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ।
ਫੌਰੈਂਸਿਕ ਟੀਮ ਦੀ ਜਾਂਚ, ਹੋਰ ਖੁਲਾਸਿਆਂ ਦੀ ਉਮੀਦ
ਪੁਲਿਸ ਮੁਤਾਬਿਕ ਬਠਿੰਡਾ ਤੋਂ ਆਈ ਫੌਰੈਂਸਿਕ ਟੀਮ ਵੱਲੋਂ ਮੌਕਾ-ਏ-ਵਾਰਦਾਤ ਤੋਂ ਸਾਰੇ ਸੈਂਪਲ ਇਕੱਤਰ ਕੀਤੇ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਕਿਸੇ ਵੱਡੇ ਗੁੰਝਲਦਾਰ ਸਕੈਂਡਲ ਨਾਲ ਜੁੜਿਆ ਹੋ ਸਕਦਾ ਹੈ, ਜਿਵੇਂ ਕਿ ਜਿਸਮ ਫ਼ਰੋਸ਼ੀ ਜਾਂ ਕਿਰਾਏ ਦੇ ਵਿਆਹਾਂ ਦਾ ਰੈਕਟ। ਮ੍ਰਿਤਕ ਦੀ ਮਾਂ ਨੇ ਵੀ ਅੰਮ੍ਰਿਤਪਾਲ ਕੌਰ ’ਤੇ ਕਈ ਗੰਭੀਰ ਦੋਸ਼ ਲਾਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਅਤੇ ਦੋਸ਼ੀ ਪਹਿਲਾਂ ਵੀ ਗੈਸਟ ਹਾਊਸ ਵਿੱਚ ਆਉਂਦੇ ਰਹੇ ਹਨ।ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਸੰਦੀਪ ਅੰਮ੍ਰਿਤਪਾਲ ਕੋਰ ਦਾ ਦੂਜਾ ਪਤੀ ਹੈ,ਅੰਮ੍ਰਿਤਪਾਲ ਕੋਰ ਦਾ ਪਹਿਲਾ ਪਤੀ ਅਨਾਰ ਸਿੰਘ ਸੀ। ਮ੍ਰਿਤਕ ਸੰਦੀਪ ਨੇ ਵੀ ਆਪਣੀ ਪਹਿਲੀ ਪਤਨੀ ਛੱਡੀ ਹੋਈ ਹੈ।



